ਮੋਰਿੰਡਾ 22 ਨਵੰਬਰ (ਭਟੋਆ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ‘ ਦੀ ਪ੍ਰਸਤਾਵਿਤ ਤਜਵੀਜ ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਹ ਮੋਹਾਲੀ ਜਿਲੇ ਦੇ 35 ਪਿੰਡਾਂ ਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਹੋਰ ਜਿਲੇ ਵਿੱਚ ਸ਼ਾਮਿਲ ਨਹੀਂ ਹੋਣ ਦੇਣਗੇ ਤੇ ਇਸ ਸਬੰਧੀ ਇਹਨਾਂ ਪਿੰਡਾਂ ਦੇ ਲੋਕਾਂ ਤੇ ਵਕੀਲਾਂ ਵੱਲੋਂ ਸ਼ੁਰੂ ਕੀਤੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਇਹਨਾਂ ਪਿੰਡਾਂ ਦੇ ਵਸਨੀਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕੀਤੀ ਜਾ ਸਕੇ।
ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਅਤੇ ਖਰੜ ਤਹਿਸੀਲ ਤੇ ਮੋਹਾਲੀ ਜਿਲੇ ਦੇ 35 ਪਿੰਡਾਂ ਨੂੰ ਮੋਹਾਲੀ ਜਿਲੇ ਨਾਲੋਂ ਤੋੜ ਕੇ ਰੋਪੜ ਜਿਲੇ ਨਾਲ ਜੋੜਨ ਦੀ ਤਿਆਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਬਾਰ ਐਸੋਸੀਏਸ਼ਨ ਖਰੜ, ਕਿਸਾਨ ਜਥੇਬੰਦੀਆਂ ਅਤੇ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਸੰਘਰਸ਼ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਬਣਾਉਣ ਦੇ ਵਿਰੋਧ ਵਿੱਚ ਨਹੀਂ ਹਨ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਪੰਥ ਦਾ ਮਹਾਨ ਅਸਥਾਨ ਹੈ, ਪ੍ਰੰਤੂ ਪੰਜਾਬ ਸਰਕਾਰ ਇਹਨਾਂ ਪਿੰਡਾਂ ਦੀ ਹੋਣੀ ਨੂੰ ਲੈ ਕੇ ਜੋ ਫੈਸਲਾ ਕਰਨਾ ਚਾਹੁੰਦੀ ਹੈ , ਉਸ ਸਬੰਧੀ ਇਹਨਾਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀਆਂ ਇਕਤਰਤਾਵਾਂ ਬੁਲਾ ਕੇ ਸਮੂਹ ਪਿੰਡਾਂ ਦੀ ਸਹਿਮਤੀ ਹਾਸਲ ਕਰਨੀ ਚਾਹੀਦੀ ਹੈ ਤੇ ਉਸ ਉਪਰੰਤ ਹੀ ਇਹਨਾਂ ਪਿੰਡਾਂ ਸੰਬੰਧੀ ਕੋਈ ਅੰਤਿਮ ਫੈਸਲਾ ਦੇਣ ਦੀ ਲੋੜ ਹੈ। ਸ੍ਰੀ ਚੰਨੀ ਨੇ ਕਿਹਾ ਕਿ ਰੂਪਨਗਰ ਜ਼ਿਲ੍ਹਾ ਪਹਿਲਾਂ ਹੀ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਦੇ ਬਣਨ ਨਾਲ ਕਈ ਵਾਰ ਵੰਡਿਆ ਜਾ ਚੁੱਕਾ ਹੈ।
ਹੁਣ ਇਸਨੂੰ ਹੋਰ ਛੋਟਾ ਕਰਨਾ ਰੂਪਨਗਰ ਦੇ ਵਿਕਾਸ, ਪ੍ਰਸ਼ਾਸਨਿਕ ਤਾਕਤ ਅਤੇ ਇਤਿਹਾਸਕ ਪਛਾਣ ਨਾਲ ਨਿਆਂ ਨਹੀਂ ਹੋਵੇਗਾ। ਸ੍ਰੀ ਚੰਨੀ ਨੇ ਕਿਹਾ ਕਿ ਸੀ੍ ਆਨੰਦਪੁਰ ਸਾਹਿਬ ਸਾਡੇ ਸਾਰਿਆਂ ਲਈ ਬੇਹੱਦ ਪਵਿੱਤਰ ਅਤੇ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਧਰਤੀ ਹੈ ਅਤੇ ਜੇਕਰ ਸਰਕਾਰ ਸੱਚਮੁੱਚ ਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ‘ਤੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਹੈ ਤਾਂ ਸੀ੍ ਆਨੰਦਪੁਰ ਸਾਹਿਬ ਲਈ ਵੱਡਾ ਵਿਕਾਸ ਪੈਕੇਜ, ਢਾਂਚਾਗਤ ਸੁਧਾਰ, ਵਿਰਾਸਤ ਸੰਭਾਲ ਅਤੇ ਰੋਜ਼ਗਾਰ ਦੇ ਪ੍ਰੋਜੈਕਟਾਂ ਦੀ ਘੋਸ਼ਣਾ ਕਰੇ, ਇਹੀ ਗੁਰੂ ਸਾਹਿਬ ਨੂੰ ਅਸਲੀ ਸਤਿਕਾਰ ਹੋਵੇਗਾ ਨਾ ਕਿ ਰਾਜਨੀਤਕ ਦਿਖਾਵਾ।
ਚੰਨੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹਨਾਂ 35 ਪਿੰਡਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਅਤੇ ਗ੍ਰਾਮ ਸਭਾਵਾਂ ਦੀ ਸਹਿਮਤੀ ਤੋਂ ਬਿਨਾਂ ਇਹਨਾਂ ਪਿੰਡਾਂ ਨੂੰ ਮੋਹਾਲੀ ਜਿਲੇ ਨਾਲੋਂ ਤੋੜ ਕੇ ਰੂਪਨਗਰ ਜਿਲੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਦ ਇਸ ਸੰਘਰਸ਼ ਵਿੱਚ ਕੁੱਦਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਤਜਵੀਜ ਰੂਪਨਗਰ ਅਤੇ ਆਨੰਦਪੁਰ ਸਾਹਿਬ ਦੋਵਾਂ ਦੇ ਹਿੱਤ ਵਿੱਚ ਨਹੀਂ ਹੈ; ਇਹ ਸਿਰਫ਼ ਰਾਜਨੀਤਿਕ ਕਦਮ ਹੈ ਜੋ ਲੋਕਾਂ ਦੇ ਭਾਵਨਾਤਮਕ ਨਾਮ ‘ਤੇ ਨੁਕਸਾਨ ਪਹੁੰਚਾਉਣ ਵਾਲਾ ਹੈ।




