ਦੇਸ਼ ਕਲਿੱਕ ਬਿਓਰੋ ;
ਇਕ ਦੁਕਾਨਦਾਰ ਨੂੰ ਲੱਡੂ ਵੇਚਦੇ ਸਮੇਂ ਇਕ ਲੱਡੂ ਘੱਟ ਤੋਲਣਾ ਮਹਿੰਗਾ ਪੈ ਗਿਆ ਹੈ। ਇਕ ਲੱਡੂ ਘੱਟ ਤੋਲਣ ਬਦਲੇ ਦੁਕਾਨਦਾਰ ਨੂੰ 22 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਿਆ। ਅਜਿਹਾ ਮਾਮਲਾ ਉੜੀਸਾ ਦੇ ਕਾਲਾਹਾਂਡੀ ਦਾ ਹੈ। ਇਕ ਦੁਕਾਨਦਾਰ ਨੇ ਵਜ਼ਨ ਕਰਦੇ ਸਮੇਂ ਮਿਠਾਈ ਦੇ ਨਾਲ ਪੈਕਿੰਗ ਵਾਲੇ ਡੱਬੇ ਦਾ ਭਾਰ ਵੀ ਉਸੇ ਵਿਚ ਜੋੜ ਦਿੱਤਾ। ਬਾਅਦ ਵਿਚ ਮਾਮਲਾ ਜਦੋਂ ਜ਼ਿਲ੍ਹਾ ਖਪਤਕਾਰ ਵਿਵਾਦ ਪਹੁੰਚਿਆ ਤਾਂ ਫੈਸਲਾ ਖਪਤਕਾਰ ਦੇ ਹੱਕ ਵਿਚ ਆਇਆ ਹੈ। ਦੁਕਾਨਦਾਰ ਨੂੰ ਇਕ ਲੱਡੂ ਘੱਟ ਤੋਲਣ ਦੇ ਚੱਕਰ ਵਿਚ ਪੂਰੇ 22 ਹਜ਼ਾਰ ਰੁਪਏ ਦੇਣੇ ਪਏ। ਇਸ ਦੇ ਨਾਲ ਹੀ ਕਮਿਸ਼ਨ ਨੇ ਇਹ ਵੀ ਹੁਕਮ ਦਿੱਤੇ ਕਿ ਦੁਕਾਨਦਾਰ ਪੈਕਿੰਗ ਵਾਲੇ ਡੱਬੇ ਅਤੇ ਵੇਚੇ ਜਾ ਰਹੇ ਸਾਮਾਨ ਅਲੱਗ ਅਲੱਗ ਕਰੇ।
ਇਕ ਖਪਤਕਾਰ ਨੇ 3 ਮਾਰਚ 2025 ਨੂੰ 500 ਗ੍ਰਾਮ ਮੋਤੀਚੂਰ ਦੇ ਲੱਡੂ 100 ਰੁਪਏ ਵਿਚ ਖਰੀਦੇ ਸਨ। ਉਸਨੇ ਇਸ ਪੇਮੈਂਟ UPI ਨਾਲ ਕੀਤੀ ਸੀ। ਪ੍ਰੰਤੂ ਜਦੋਂ ਘਰ ਜਾ ਕੇ ਉਸਨੇ ਤੋਲਿਆ ਤਾਂ ਮਿਠਾਈ ਦਾ ਵਜ਼ਨ 500 ਗ੍ਰਾਮ ਤੋਂ ਘੱਟ ਸੀ। ਦੁਕਾਨਦਾਰ ਨੇ ਚਲਾਕੀ ਕਰਕੇ ਮਿਠਾਈ ਨਾਲ ਪੈਕਿੰਗ ਵਾਲੇ ਡੱਬੇ ਦਾ ਵਜ਼ਨ ਜੋੜਿਆ ਸੀ ਅਤੇ ਉਸਦੀ ਕੀਮਤ ਵਸੂਲ ਕੀਤੀ ਸੀ। ਐਨਾਂ ਹੀ ਨਹੀਂ ਖਪਤਕਾਰ ਨੇ ਜਦੋਂ ਬਿੱਲ ਮੰਗਿਆ, ਤਾਂ ਦੁਕਾਨਦਾਰ ਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਫਿਰ ਖਪਤਕਾਰ ਨੇ ਖਾਲੀ ਡੱਬੇ ਦਾ ਵਜ਼ਨ ਕੀਤਾ ਤਾਂ ਉਹ 68 ਗ੍ਰਾਮ ਦਾ ਨਿਕਲਿਆ। ਭਾਵ ਉਸ ਨੇ 100 ਰੁਪਏ ਵਿਚ 500 ਗ੍ਰਾਮ ਤੋਂ ਘੱਟ ਮਿਠਾਈ ਦੁਕਾਨ ਵੱਲੋਂ ਦਿੱਤੀ ਗਈ ਸੀ। ਇਸ ਨਾਲ ਆਰਥਿਕ ਨੁਕਸਾਨ ਹੋਇਆ ਅਤੇ ਨਾਲ ਮਾਨਸਿਕ ਦੁੱਖ ਵੀ ਹੋਇਆ।
ਖਪਤਕਾਰ ਨੇ 22 ਮਾਰਚ 2025 ਨੂੰ E-jagriti ਰਾਹੀਂ ਜ਼ਿਲ੍ਹਾ ਖਪਤਕਾਰ ਅਦਾਲਤ ਕਾਲਾਹਾਂਡੀ ਵਿਚ ਸ਼ਿਕਾਇਤ ਦਰਜ ਕੀਤੀ। ਇਸ ਤੋਂ ਬਾਅਦ 14 ਮਈ 2025 ਨੂੰ ਕਮਿਸ਼ਨ ਖਪਤਕਾਰ ਦੇ ਪੱਖ ਵਿਚ ਫੈਸਲਾ ਸੁਣਾਇਆ। ਜ਼ਿਲ੍ਹਾ ਖਪਤਕਾਰ ਅਦਾਲਤ ਨੇ ਦੁਕਾਨਦਾਰ ਨੂੰ ਹੁਕਮ ਦਿੱਤੇ ਕਿ ਉਹ ਖਪਤਕਾਰ ਨੂੰ 22 ਹਜ਼ਾਰ ਰੁਪਏ ਦਾ ਭੁਗਤਾਨ ਕਰੇ। ਇਸ ਵਿਚ 100 ਰੁਪਏ ਮੂਲ ਰਕਮ ਅਤੇ 21 ਹਜ਼ਾਰ 900 ਰੁਪਏ ਮੁਆਵਜ਼ਾ ਹੋਵੇਗਾ।




