ਮੁੱਲਾਂਪੁਰ ਦਾਖਾ, 25 ਨਵੰਬਰ, ਦੇਸ਼ ਕਲਿਕ ਬਿਊਰੋ :
ਪੁਲਿਸ ਅਤੇ ਸਿਹਤ ਵਿਭਾਗ ਨੇ ਦਾਖਾ ਪਿੰਡ ਦੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਚੱਲ ਰਹੇ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਤੇ ਅਚਾਨਕ ਛਾਪਾ ਮਾਰਿਆ। 25 ਮਰੀਜ਼ਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ, ਜਗਰਾਉਂ ਵਿੱਚ ਦਾਖਲ ਕਰਵਾਇਆ ਗਿਆ।
ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਪ੍ਰਾਪਤ ਹੋਈ ਇੱਕ ਅਰਜ਼ੀ ਦੇ ਆਧਾਰ ‘ਤੇ, ਐਸਐਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਸਿਵਲ ਸਰਜਨ, ਲੁਧਿਆਣਾ ਦੇ ਤਾਲਮੇਲ ਨਾਲ ਇੱਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਡਾ. ਹਰਕਮਲ ਕੌਰ, ਡਾ. ਵਿਸ਼ਾਲ ਕੁਮਾਰ ਅਤੇ ਫਾਰਮਾਸਿਸਟ ਦਵਿੰਦਰ ਸਿੰਘ ਸ਼ਾਮਲ ਸਨ। ਪੁਲਿਸ ਪਾਰਟੀ ਨੇ ਦਾਖਾ ਦੇ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਬਾਬਾ ਨੱਥੂ ਦੇ ਨੇੜੇ ਅਣਅਧਿਕਾਰਤ ਮੁੜ ਵਸੇਬਾ ਕੇਂਦਰ ਦੀ ਜਾਂਚ ਕੀਤੀ, ਜਿੱਥੇ 25 ਮਰੀਜ਼ ਇੱਕ ਕਮਰੇ ਵਿੱਚ ਬੰਦ ਪਾਏ ਗਏ। ਉਨ੍ਹਾਂ ਨੂੰ ਛਡਵਾਇਆ ਗਿਆ ਅਤੇ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ, ਜਗਰਾਉਂ ਭੇਜ ਦਿੱਤਾ ਗਿਆ।
ਡੀਐਸਪੀ ਖੋਸਾ ਨੇ ਦੱਸਿਆ ਕਿ ਗਠਿਤ ਮੈਡੀਕਲ ਟੀਮ ਦੀ ਰਿਪੋਰਟ ਦੇ ਆਧਾਰ ‘ਤੇ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ, ਹਰਦੀਪ ਸਿੰਘ ਉਰਫ਼ ਦੀਪਾ, ਵਾਸੀ ਪਿੰਡ ਚੱਕ ਕਲਾਂ ਅਤੇ ਜਗਵਿੰਦਰ ਸਿੰਘ, ਵਾਸੀ ਪਿੰਡ ਦਾਖਾ, ਜੋ ਕਿ ਇਸਨੂੰ ਗੈਰ-ਕਾਨੂੰਨੀ ਢੰਗ ਨਾਲ ਚਲਾ ਰਹੇ ਸਨ, ਵਿਰੁੱਧ ਆਈਪੀਸੀ ਦੀ ਧਾਰਾ 384 (4), 127 (4), 3 (5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਟੇਸ਼ਨ ਹਾਊਸ ਅਫ਼ਸਰ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਦੋਵਾਂ ਪ੍ਰਬੰਧਕਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਖੋਸਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਉਸਨੂੰ ਸਰਕਾਰੀ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਏਐਸਆਈ ਇੰਦਰਜੀਤ ਸਿੰਘ, ਅਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਪੀਐਚਸੀ ਮੌਜੂਦ ਸਨ।




