ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਵਿਆਹ ਤੋਂ ਵਾਪਸ ਆ ਰਹੀ ਬਰਾਤੀਆਂ ਦੀ ਇਕ ਕਾਰ ਨਹਿਰ ਵਿਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਵਿਚ 5 ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀ ਰ ਹੈ। ਇਹ ਹਾਦਸਾ ਉਤਰ ਪ੍ਰਦੇਸ਼ ਵਿੱਚ ਮੰਗਲਵਾਰ ਦੀ ਰਾਤ ਨੂੰ ਵਾਪਰਿਆ। ਥਾਣਾ ਪੜੂਆ ਖੇਤਰ ਦੇ ਢਖੇਰਵਾ-ਗਿਰਜਾਪੁਰੀ ਹਾਈਵੇ ਉਤੇ ਪਿੰਡ ਪੁਰਵਾ ਦੇ ਨੇੜੇ ਵਾਪਰਿਆ। ਹਾਦਸੇ ਵਾਲੇ ਕਾਰ ਵਿਚ ਛੇ ਲੋਕ ਸਵਾਰ ਸਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਵਾਪਸ ਆਉਂਦੇ ਬਰਾਤੀਆਂ ਦੀ ਕਾਰ ਢਖੇਰਵਾ-ਗਿਰਜਾਪੁਰੀ ਹਾਈਵੇ ਉਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸ਼ਰਦਾ ਨਹਿਰ ਵਿਚ ਜਾ ਡਿੱਗੀ। ਕਾਰ ਡਿੱਗਣ ਦੀ ਆਵਾਜ਼ ਸੁਣਦਿਆਂ ਆਸਪਾਸ ਦੇ ਲੋਕ ਭੱਜੇ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਕਾਰ ਦਾ ਗੇਟ ਲੌਕ ਹੋਣ ਕਾਰਨ ਅੰਦਰ ਬੈਠੇ ਲੋਕ ਬਾਹਰ ਨਹੀਂ ਆ ਸਕੇ ਅਤੇ ਨਾ ਹੀ ਲੋਕ ਦਰਵਾਜਾ ਖੋਲ ਸਕੇ। ਕਾਰ ਪਾਣੀ ਵਿਚ ਡੁੱਬ ਗਈ। ਪੁਲਿਸ ਨੇ ਪਹੁੰਚਕੇ ਬੈਟਰੀ ਦੀ ਰੌਸ਼ਨੀ ਵਿਚ ਲੋਕਾਂ ਦੀ ਮਦਦ ਨਾਲ ਬਚਾਅ ਕੰਮ ਸ਼ੁਰੂ ਕੀਤਾ। ਕਿਸ਼ਤੀ ਨਾਲ ਕਾਰ ਤੱਕ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਸਭ ਨੂੰ ਬਾਹਰ ਕੱਢਿਆ। ਉਦੋਂ ਤੱਕ ਛੇ ਲੋਕਾਂ ਵਿਚੋਂ ਪੰਜ ਦੀ ਮੌਤ ਹੋ ਗਈ ਸੀ। ਡਰਾਈਵਰ ਦੀ ਹਾਲਤ ਗੰਭੀਰ ਸੀ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।




