ਦੇਸ਼ ਕਲਿੱਕ ਬਿਓਰੋ :
ਵਾਈਟ ਹਾਊਸ ਦੇ ਨੇੜੇ ਗੋਲੀਬਾਰੀ ਕੀਤੀ ਗਈ ਹੈ। ਇਸ ਘਟਨਾ ਵਿੱਚ ਇਕ ਨੈਸ਼ਨਲ ਗਾਰਡ ਦੇ 1 ਮੈਂਬਰ ਦੀ ਮੌਤ ਹੋ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਵਾਈਟ ਹਾਊਸ ਦੇ ਨੇੜੇ ਇਕ ਅਫਗਾਨ ਨਾਗਰਿਕ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖਮੀ ਵੇਸਟ ਵਰਜੀਨੀਆ ਨੈਸ਼ਨਲ ਗਾਰਡ ਦੇ 2 ਮੈਂਬਰਾਂ ਵਿਚੋਂ ਇਕ ਦੀ ਮੌਤ ਹੋ ਗਈ। ਉਨ੍ਹਾਂ ਅਫਗਾਨਿਸਤਾਨ ਵਿਚ CIA ਨਾਲ ਕੰਮ ਕਰ ਚੁੱਕੇ ਸ਼ੂਟਰ ਨੂੰ ‘ਜੰਗਲੀ ਰਾਕਸ਼’ ਕਰਾਰ ਦਿੱਤਾ। ਟਰੰਪ ਨੇ ਥੈਂਕਸਗਿਵਿੰਗ ਮੌਕੇ ਉਤੇ ਅਮਰੀਕੀ ਸੈਨਿਕਾਂ ਨਾਲ ਫੋਨ ਉਤੇ ਗੱਲ ਕਰਦੇ ਹੋਏ ਦੱਸਿਆ ਕਿ ਸਪੇਸ਼ਲਿਸਟ 20 ਸਾਲ ਦੀ ਸਾਰਾ ਬੇਕਸਟ੍ਰੌਮ ਦੀ ਮੌਤ ਹੋ ਗਈ ਹੈ, ਜਦੋਂ ਕਿ ਸਟਾਫ ਸਾਰਜਟ 24 ਸਾਲਾ ਐਂਡਿਯੂ ਵੋਲਫ ਅਜੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ।
ਟਰੰਪ ਨੇ ਕਿਹਾ ਕਿ ‘ਉਹ ਹੁਣ ਗੁਜ਼ਰ ਗਈ ਹੈ। ਉਹ ਸਾਡੇ ਨਾਲ ਨਹੀਂ ਹੈ। ਉਹ ਉਪਰ ਤੋਂ ਸਾਨੂੰ ਦੇਖ ਰਹੀ ਹੋਵੇਗੀ। ਉਨ੍ਹਾਂ ਦੇ ਮਾਤਾ ਪਿਤਾ ਉਸ ਨਾਲ ਹਨ। ਰਾਸ਼ਟਰਪਤੀ ਨੇ ਸਾਰਾ ਨੂੰ ‘ਅਦਭੂਤ ਇਨਸਾਨ’ ਦੱਸਿਆ, ਜੋ ਹਰ ਤਰ੍ਹਾਂ ਤੋਂ ਬੇਹਤਰੀਨ ਸੀ। ਟਰੰਪ ਨੇ ਇਸ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਅਤੇ ਬਾਈਡੇਨ ਪ੍ਰਸ਼ਾਸਨ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਯੁੱਧ ਵਿਚ ਅਮਰੀਕੀ ਫੌਜੀਆਂ ਦੀ ਮਦਦ ਕਰਨ ਵਾਲੇ ਅਫਗਾਨੀਆਂ ਨੂੰ ਅਮਰੀਕਾ ਵਿਚ ਆਉਣ ਦੀ ਇਜ਼ਾਜਤ ਦੇ ਕੇ ਗਲਤੀ ਕੀਤੀ ਗਈ।




