- ਕਿਹਾ, ਹੁਣ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਅਟੁੱਟ ਲਗਨ ਹੀ ਰੋਸ਼ਨ ਭਵਿੱਖ ਲਈ ਕਾਫੀ
- ਵਿੱਤ ਮੰਤਰੀ ਨੇ ਹੈਪੀ ਕੌਰ ਨੂੰ ਨਿਯੁਕਤੀ ਪੱਤਰ ਸੌਂਪਿਆ, ਸਾਧਾਰਨ ਪਿਛੋਕੜ ਤੋਂ ਸਫ਼ਲਤਾ ਤੱਕ ਦੇ ਪ੍ਰੇਰਣਾਦਾਇਕ ਸਫ਼ਰ ਦੀ ਕੀਤੀ ਤਾਰੀਫ
ਚੰਡੀਗੜ੍ਹ, 28 ਨਵੰਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਭਰਤੀ ਪ੍ਰਣਾਲੀ ਰਾਹੀਂ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਸਿਰਫ਼ ਯੋਗਤਾ ਅਤੇ ਲਗਨ ਨੂੰ ਹੀ ਮਾਪਦੰਡ ਬਣਾ ਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਅਸਲ ਹੁਨਰ ਨੂੰ ਮਾਨਤਾ ਤੇ ਬਣਦਾ ਹੱਕ ਮਿਲੇ। ਉਨ੍ਹਾਂ ਨੇ ਇਹ ਵਿਚਾਰ ਨਵ-ਨਿਯੁਕਤ ਹੈਪੀ ਕੌਰ ਨੂੰ ਨਿੱਜੀ ਤੌਰ ‘ਤੇ ਨਿਯੁਕਤੀ ਪੱਤਰ ਭੇਟ ਕਰਦਿਆਂ ਅਤੇ ਵਿੱਤ ਵਿਭਾਗ ਵਿੱਚ ਕਲਰਕ ਵਜੋਂ ਉਸ ਦਾ ਅਧਿਕਾਰਤ ਤੌਰ ‘ਤੇ ਸਵਾਗਤ ਕਰਦਿਆਂ ਪ੍ਰਗਟ ਕੀਤੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੈਪੀ ਕੌਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਸਫ਼ਲਤਾ ਅਣਗਿਣਤ ਹੋਰ ਲੋਕਾਂ ਲਈ ਉਮੀਦ ਦੀ ਕਿਰਨ ਅਤੇ ਪ੍ਰੇਰਣਾ ਦਾ ਸਰੋਤ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਸ ਦੀ ਹੁਣ ਤੱਕ ਦੇ ਜੀਵਨ ਦੀ ਕਹਾਣੀ ਇੱਕ ਸ਼ਕਤੀਸ਼ਾਲੀ ਮਿਸਾਲ ਪੈਦਾ ਕਰਦੀ ਹੈ ਕਿ ਲਗਨ ਅਤੇ ਯੋਗਤਾ ਨਾਲ ਕੋਈ ਵੀ ਵਿਅਕਤੀ ਚੁਣੌਤੀਆਂ ‘ਤੇ ਕਾਬੂ ਪਾ ਕੇ ਆਪਣੇ ਟੀਚੇ ਪ੍ਰਾਪਤ ਕਰ ਸਕਦਾ ਹੈ।”
ਇੱਥੇ ਜਿਕਰਯੋਗ ਹੈ ਕਿ ਹੈਪੀ ਕੌਰ ਦਾ ਸਫ਼ਰ ਲਗਨ ਅਤੇ ਮਿਹਨਤ ‘ਤੇ ਅਧਾਰਤ ਇੱਕ ਬਹੁਤ ਪ੍ਰੇਰਣਾਦਾਇਕ ਕਹਾਣੀ ਹੈ। ਉਹ ਇੱਕ ਅਜਿਹੇ ਪਿਛੋਕੜ ਤੋਂ ਆਉਂਦੀ ਹੈ ਜਿੱਥੇ ਹਰ ਕਦਮ ਸਿਰਫ਼ ਪੱਕੇ ਇਰਾਦੇ ਨਾਲ ਅੱਗੇ ਵਧ ਕੇ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਪਿਤਾ, ਲਛਮਣ ਸਿੰਘ, ਪਰਿਵਾਰ ਨੂੰ ਪਾਲਣ ਲਈ ਇੱਕ ਪੱਲੇਦਾਰ ਵਜੋਂ ਸਖ਼ਤ ਮਿਹਨਤ ਕਰਦੇ ਹਨ, ਜਦੋਂ ਕਿ ਉਨ੍ਹਾਂ ਦੀ ਮਾਤਾ, ਬਲਜੀਤ ਕੌਰ, ਇੱਕ ਸਮਰਪਿਤ ਘਰੇਲੂ ਔਰਤ ਹਨ। ਪਰਿਵਾਰ ਦੀ ਸਿੱਖਿਆ ਪ੍ਰਤੀ ਪੱਕੀ ਵਚਨਬੱਧਤਾ ਉਨ੍ਹਾਂ ਦੇ ਭਰਾ ਵਿੱਚ ਵੀ ਝਲਕਦੀ ਹੈ, ਜੋ ਕਿ ਆਰਟਸ ਗ੍ਰੈਜੂਏਟ ਹੈ ਅਤੇ ਮਨਰੇਗਾ ਸਕੀਮ ਅਧੀਨ ਠੇਕੇ ਦੇ ਅਧਾਰ ‘ਤੇ ਗ੍ਰਾਮ ਸੇਵਕ ਵਜੋਂ ਸੇਵਾਵਾਂ ਨਿਭਾਉਂਦਿਆਂ ਸਮਾਜ ਵਿੱਚ ਬਣਦਾ ਯੋਗਦਾਨ ਪਾ ਰਿਹਾ ਹੈ।
ਸਾਧਾਰਨ ਪਾਲਣ-ਪੋਸ਼ਣ ਨਾਲ ਜੁੜੀਆਂ ਆਰਥਿਕ ਤੰਗੀਆਂ ਦੇ ਬਾਵਜੂਦ, ਹੈਪੀ ਕੌਰ ਨੇ ਆਪਣੇ ਅਕਾਦਮਿਕ ਟੀਚਿਆਂ ਨੂੰ ਹੌਂਸਲੇ ਨਾਲ ਪੂਰਾ ਕੀਤਾ ਅਤੇ ਮਾਸਟਰ ਆਫ਼ ਸਾਇੰਸ ਇਨ ਇਨਫਰਮੇਸ਼ਨ ਟੈਕਨਾਲੋਜੀ (ਐਮ.ਐਸ. ਸੀ (ਆਈ.ਟੀ)) ਦੀ ਡਿਗਰੀ ਹਾਸਿਲ ਕੀਤੀ। ਇਸ ਉਪਰੰਤ ਉਸ ਨੇ ਪੰਜਾਬ ਅਧੀਨ ਸੇਵਾ ਚੋਣ ਬੋਰਡ (ਪੀ.ਐਸ.ਐਸ.ਐਸ.ਬੀ) ਵੱਲੋਂ ਕਲਰਕ ਦੀ ਆਸਾਮੀ ਵਾਸਤੇ ਲਈ ਗਈ ਸਖ਼ਤ ਪ੍ਰੀਖਿਆ ਨੂੰ ਪਹਿਲੇ ਹੀ ਯਤਨ ਵਿੱਚ ਪਾਸ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ ਆਰਥਕ ਚੁਣੌਤੀਆਂ ਦੇ ਬਾਵਜੂਦ ਸਫਲਤਾ ਪ੍ਰਾਪਤ ਕਰਨ ਦੀ ਇਹ ਉਦਾਹਰਨ ਹਲਾਤਾਂ ਵਿਰੁੱਧ ਅਣਥੱਕ ਯਤਨਾਂ ਦੀ ਜਿੱਤ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ, ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਰਾਜ ਦੀ ਸਮਰੱਥਾ ਦੀ ਮਾਨਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਅਜਿਹਾ ਮਾਹੌਲ ਸਿਰਜਿਆ ਗਿਆ ਹੈ ਕਿ ਹੁਣ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਅਟੁੱਟ ਲਗਨ ਸੱਚਮੁੱਚ ਉੱਜਵਲ ਭਵਿੱਖ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ।




