- ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲ ਰਿਹਾ ਭਾਰੀ ਜਨਤਕ ਸਮਰਥਨ
- ਚਾਰ ਸਾਲਾਂ ਬਾਅਦ ਵੀ ਵਿਕਾਸ ਦੇ ਨਾਮ ਗਿਨਾਉਣ ਲਈ ਕੁਝ ਨਹੀਂ
ਡੇਰਾਬੱਸੀ, 11 ਦਸੰਬਰ: ਦੇਸ਼ ਕਲਿੱਕ ਬਿਊਰੋ –
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਮਸ਼ੀਨਰੀ ਤੋਂ ਬਿਨਾਂ ਇਸ ਚੋਣ ’ਚ ਉੱਤਰ ਕੇ ਦੇਖੇ ਤਾਂ, ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਲੱਗ ਜਾਵੇਗਾ।
ਐਨ ਕੇ ਸ਼ਰਮਾ ਨੇ ਕਕਰਾਲੀ, ਦਫਰਪੁਰ, ਮੋਰਠੀਕਰੀ, ਪੰਡਵਾਲਾ, ਸੁੰਢਰਾ, ਖੇੜੀ, ਨਿੰਬੂਆ, ਹਰੀਪੁਰ ਹਿੰਦੂਆਂ ਅਤੇ ਕੁਡਾਂਵਾਲਾ ਸਮੇਤ ਇੱਕ ਦਰਜਨ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਸਾਲ ਬਾਅਦ ਵੀ ਆਮ ਆਦਮੀ ਪਾਰਟੀ ਕੋਲ ਵਿਕਾਸ ਦੇ ਨਾਮ ’ਤੇ ਗਿਨਾਉਣ ਦੇ ਲਈ ਕੁਝ ਨਹੀਂ ਹੈ। ਸਿਰਫ਼ ਝੂਠੇ ਐਲਾਨਾਂ ਅਤੇ ਪ੍ਰਚਾਰ ਦੇ ਸਹਾਰੇ ਚੱਲਣ ਵਾਲੀ ਸਰਕਾਰ ਨੇ ਹੁਣ ਤੋਂ ਹੀ ਲੋਕਾਂ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਧਮਕਾ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਅਤੇ ਆਗੂ ਵਿਕਾਸ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਵਧੇਰੇ ਸ਼ਕਤੀਆਂ ਦੇਣ ਦੇ ਫੈਸਲੇ ਲਏ ਸਨ। ਉੱਥੇ ਹੀ ਮੌਜੂਦਾ ਸਰਕਾਰ ਨੇ ਅਜੇ ਤੱਕ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੇ ਪ੍ਰਤੀਨਿਧੀਆਂ ਲਈ ਜਨਤਾ ਦੇ ਸਾਹਮਣੇ ਕੋਈ ਰੋਡਮੈਪ ਪੇਸ਼ ਨਹੀਂ ਕੀਤਾ ਹੈ। ਆਮ ਆਦਮੀ ਪਾਰਟੀ ਇਹ ਚੋਣ ਸਿਰਫ਼ ਸਰਕਾਰੀ ਅਮਲੇ ਦੇ ਜ਼ੋਰ ‘ਤੇ ਲੜ ਰਹੀ ਹੈ। ਐਨ.ਕੇ. ਸ਼ਰਮਾ ਨੇ ਗੁਰੂਨਾਨਕ ਕਲੋਨੀ ਜ਼ੋਨ ਤੋਂ ਸਲੋਚਨਾ ਦੇਵੀ, ਸਮਗੌਲੀ ਜ਼ੋਨ ਤੋਂ ਸਰਬਜੀਤ ਕੌਰ ਅਤੇ ਪੰਡਵਾਲਾ ਜ਼ੋਨ ਤੋਂ ਕਮਲੇਸ਼ ਕੌਰ ਲਈ ਵੋਟਾਂ ਮੰਗੀਆਂ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ, ਰਜਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਤਰਨਬੀਰ ਪੂਨੀਆ, ਅਜੈਬ ਸਿੰਘ, ਰਘਬੀਰ ਸਿੰਘ, ਸਤਪਾਲ ਸ਼ਰਮਾ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਅਸ਼ੋਕ ਕੁਮਾਰ, ਸੰਜੀਵ ਸੰਜੂ, ਜਸਵੀਰ ਸਿੰਘ, ਅਮਰ ਸਿੰਘ, ਜਸਪਾਲ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।




