- ਅਦਾਲਤ ਨੇ ਦੋਸ਼ੀਆ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
ਸ੍ਰੀ ਚਮਕੌਰ ਸਾਹਿਬ (ਮੋਰਿੰਡਾ) 13 ਦਸੰਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਧੌਲਰਾਂ ਵਿਖੇ ਨਸ਼ੇ ਦੀ ਓਵਰਡੋਜ ਲੈਣ ਕਾਰਨ ਬੇਹੋਸ਼ ਹੋ ਕੇ ਧਰਤੀ ਦੇ ਡਿੱਗਣ ਵਾਲੇ ਨੌਜਵਾਨ ਨੂੰ ਨਸ਼ਾ ਸਪਲਾਈ ਕਰਨ ਵਾਲੇ ਮਾਂ ਪੁੱਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਨਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਮਨਜੀਤ ਸਿੰਘ ਔਲਖ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 11 ਦਸੰਬਰ ਨੂੰ ਸਰਕਾਰੀ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਤੋਂ ਗੁਰਕਿਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਧੌਲਰਾਂ ਵੱਲੋਂ ਨਸ਼ੇ ਦੀ ਓਵਰਡੋਜ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਸਬੰਧੀ ਰਿਪੋਰਟ ਮਿਲੀ ਸੀ, ਜਿਸ ਤੇ ਕਾਰਵਾਈ ਕਰਦਿਆਂ ਏਐਸਆਈ ਰਣਜੀਤ ਸਿੰਘ ਵੱਲੋਂ ਹਸਪਤਾਲ ਪਹੁੰਚ ਕੇ ਗੁਰਕਿਰਨ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਸੀ । ਜਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਉਸਦੀ ਆਪਣੀ ਮਾਤਾ ਸਰਬਜੀਤ ਕੌਰ ਨਾਲ ਬਹਿਸਬਾਜੀ ਹੋਈ ਸੀ ,ਜਿਸ ਉਪਰੰਤ ਉਹ ਪਰੇਸ਼ਾਨ ਰਹਿਣ ਲੱਗ ਪਿਆ ਸੀ।
ਗੁਰਕਿਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਫਿਰਨੀ ਤੇ ਪਰੇਸ਼ਾਨੀ ਦੇ ਆਲਮ ਵਿੱਚ ਘੁੰਮ ਰਿਹਾ ਸੀ ਤਾਂ ਉਸ ਨੂੰ ਹਰਕੀਰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਮਿਲ ਗਿਆ ,ਜਿਸ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਉਸ ਨੇ ਹਰਕੀਰਤ ਸਿੰਘ ਨੂੰ ਆਪਣੀ ਪਰੇਸ਼ਾਨੀ ਬਾਰੇ ਦੱਸਿਆ। ਜਿਸ ਨੇ ਉਸ ਨੂੰ ਇੱਕ ਚਿੱਟੇ ਰੰਗ ਦੇ ਦਵਾਈ ਦੀ ਪੁੜੀ ਲਿਆ ਕੇ ਦਿੱਤੀ ਅਤੇ ਇਸ ਦਾ ਘੋਲ ਬਣਾ ਕੇ ਟੀਕਾ ਲਗਾਉਣ ਲਈ ਕਿਹਾ ਅਤੇ ਕਿਹਾ ਕਿ ਇਹ ਦਵਾਈ ਉਹ ਆਪਣੀ ਮਾਤਾ ਅੰਮ੍ਰਿਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਤੋਂ ਲੈ ਕੇ ਆਇਆ ਹੈ । ਗੁਰਕਿਰਨ ਸਿੰਘ ਨੇ ਦੱਸਿਆ ਕਿ ਦਵਾਈ ਦੀ ਪੁੜੀ ਲੈ ਕੇ ਉਹ ਆਪਣੇ ਘਰ ਚਲਾ ਗਿਆ ਤੇ ਘੋਲ ਬਣਾ ਕੇ ਘਰ ਵਿੱਚ ਪਈ ਸਰਿੰਜ ਨਾਲ ਆਪਣੇ ਟੀਕਾ ਲਗਾ ਲਿਆ ।
ਗੁਰਕਿਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਟੀਕਾ ਲਗਾਉਣ ਉਪਰੰਤ ਉਹ ਆਪਣੀ ਸੁੱਧ ਬੁੱਧ ਖੋਹ ਬੈਠਾ ਅਤੇ ਉਸਦੇ ਪਿਤਾ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਰਕਾਰੀ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ। ਡੀਐਸਪੀ ਸ੍ਰੀ ਔਲਖ ਨੇ ਦੱਸਿਆ ਕਿ ਗੁਰਕਿਰਨ ਸਿੰਘ ਦੇ ਬਿਆਨ ਦੇ ਅਧਾਰ ਤੇ ਅੰਮ੍ਰਿਤ ਕੌਰ ਖਿਲਾਫ ਬੀਐਨਐਸ ਦੀ ਧਾਰਾ 123 ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਅਤੇ ਤਫਤੀਸ਼ ਦੌਰਾਨ ਦੌਰਾਨ ਹਰਕੀਰਤ ਸਿੰਘ ਅਤੇ ਅੰਮ੍ਰਿਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ ਗੁਰਕਿਰਨ ਸਿੰਘ ਕੋਲੋਂ 4000 ਲੈਣੇ ਸਨ, ਜਿਹੜੇ ਉਹ ਵਾਪਸ ਨਹੀਂ ਕਰ ਰਿਹਾ ਸੀ, ਜਿਸ ਕਾਰਨ ਉਹ ਗੁਰਕਿਰਨ ਸਿੰਘ ਨਾਲ ਰੰਜਿਸ਼ ਰੱਖ ਰਹੇ ਸਨ ।
ਡੀਐਸਪੀ ਸ੍ਰੀ ਔਲਖ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਅੰਮ੍ਰਿਤ ਕੌਰ ਖਿਲਾਫ ਪਹਿਲਾਂ ਵੀ ਖਮਾਣੋ ਥਾਣੇ ਵਿੱਚ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਹੈ ਜਦ ਕਿ ਉਸਦੇ ਪਤੀ ਜਸਵਿੰਦਰ ਸਿੰਘ ਖਿਲਾਫ ਵੀ ਖਮਾਣੋ ਥਾਣੇ ਵਿੱਚ ਅੱਧੀ ਦਰਜਨ ਤੋਂ ਵੱਧ ਐਨਡੀਪੀਐਸ ਐਕਟ ਅਧੀਨ ਮੁਕਦਮੇ ਦਰਜ ਹਨ ਅਤੇ ਉਹ ਪਿਛਲੇ ਨੌ ਮਹੀਨਿਆਂ ਤੋਂ ਨਾਭੇ ਜੇਲ ਵਿੱਚ ਬੰਦ ਹੈ ਇਸੇ ਦੌਰਾਨ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਕੀਰਤ ਸਿੰਘ ਅਤੇ ਉਸਦੀ ਮਾਤਾ ਅੰਮ੍ਰਿਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।




