ਦੰਗਾ ਪੀੜਤਾਂ ਨਾਲ ਧੱਕਾ ਬਰਦਾਸ਼ਤ ਨਹੀਂ, ਸ਼੍ਰੋਮਣੀ ਅਕਾਲੀ ਦਲ ਹਰ ਮੋਰਚੇ ’ਤੇ ਨਾਲ ਖੜ੍ਹੇਗਾ: ਪਰਵਿੰਦਰ ਸਿੰਘ ਸੋਹਾਣਾ

ਪੰਜਾਬ

ਮੋਹਾਲੀ, 13 ਦਸੰਬਰ : ਦੇਸ਼ ਕਲਿੱਕ ਬਿਊਰੋ –

ਫੇਜ਼-11 ਵਿੱਚ 1984 ਦੇ ਸਿੱਖ ਕਤਲੇਆਮ/ਦੰਗਾ ਪੀੜਤ ਪਰਿਵਾਰਾਂ ਵੱਲੋਂ ਚੱਲ ਰਹੇ ਧਰਨੇ ਨੂੰ ਅੱਜ ਉਸ ਵੇਲੇ ਹੋਰ ਤਾਕਤ ਮਿਲੀ, ਜਦੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਧਰਨੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਦੰਗਾ ਪੀੜਤ ਪਰਿਵਾਰਾਂ ਨਾਲ ਹੋ ਰਹੀ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਹਰ ਪੱਧਰ ’ਤੇ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ 1984 ਦੇ ਸੰਤਾਪ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ—ਦਿੱਲੀ, ਲਖਨਊ ਤੇ ਹੋਰ ਸ਼ਹਿਰਾਂ ਤੋਂ ਬੇਘਰ ਹੋਏ ਸਿੱਖ ਪਰਿਵਾਰ ਪੰਜਾਬ ਆ ਕੇ ਵੱਸੇ। ਉਸ ਸਮੇਂ ਅਕਾਲੀ ਦਲ ਦੀ ਸਰਕਾਰ ਨੇ ਨੀਡ-ਬੇਸ ਨੀਤੀ ਤਹਿਤ ਇਨ੍ਹਾਂ ਨੂੰ ਫਲੈਟ ਮੁਹੱਈਆ ਕਰਵਾਏ, ਦੋ-ਦੋ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਅਤੇ ਲਾਲ ਕਾਰਡ ਜਾਰੀ ਕਰਕੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਹੁਕਮਰਾਨ ਉਸ ਪੁਰਾਣੇ ਜ਼ਖ਼ਮਾਂ ’ਤੇ ਮਲਹਮ ਰੱਖਣ ਦੀ ਥਾਂ ਹੋਰ “ਤੇਜ਼ਾਬ ਛਿੜਕਣ” ਵਰਗਾ ਸਲੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਇਨਕਰੋਚਮੈਂਟ ਦੇ ਖ਼ਿਲਾਫ਼ ਹੈ, ਪਰ ਨੀਡ-ਬੇਸ ਪਾਲਿਸੀ ਹੇਠ ਜੇ ਕਿਸੇ ਪਰਿਵਾਰ ਨੇ ਆਪਣੀ ਰੋਜ਼ੀ-ਰੋਟੀ ਲਈ ਘਰ ਦੇ ਅੱਗੇ ਜਾਂ ਬਰਾਂਡੇ ਵਿੱਚ ਛੋਟਾ ਕਮਰਾ/ਦੁਕਾਨ ਬਣਾਈ, ਤਾਂ ਉਸਦੀ ਰੈਗੂਲਰਾਈਜ਼ੇਸ਼ਨ ਸਰਕਾਰ ਦੀ ਜ਼ਿੰਮੇਵਾਰੀ ਹੈ। “ਸੜਕ ਤੋਂ 22 ਫੁੱਟ ਅੰਦਰ ਬਣੀਆਂ ਛੋਟੀਆਂ ਦੁਕਾਨਾਂ ਨੂੰ ਇਕਦਮ ਢਾਹੁਣਾ ਸਰਾਸਰ ਧੱਕਾ ਹੈ,” ਉਨ੍ਹਾਂ ਕਿਹਾ।

ਪਰਵਿੰਦਰ ਸਿੰਘ ਸੋਹਾਣਾ ਨੇ ਗਮਾਡਾ ਅਤੇ ਨਗਰ ਨਿਗਮ ਦੀ ਐਂਟੀ-ਇਨਕਰੋਚਮੈਂਟ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਜਦੋਂ ਪੰਜਾਬ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ, ਉਸ ਸਮੇਂ ਚੱਲਦਾ ਰੁਜ਼ਗਾਰ ਵੀ ਬੰਦ ਕਰਵਾਉਣਾ ਅਨਿਆਂ ਹੈ। ਉਹਨਾਂ ਕਿਹਾ ਕਿ ਜੇ ਕਾਰਵਾਈ ਕਰਨੀ ਹੀ ਹੈ ਤਾਂ ਪਹਿਲਾਂ ਸਪਸ਼ਟ ਪਾਲਿਸੀ ਬਣਾਈ ਜਾਵੇ—ਦੁਕਾਨਾਂ ਲਈ ਵੱਖਰੀ ਮਾਰਕੀਟ ਜਾਂ ਵਿਕਲਪਕ ਥਾਂ ਦਿੱਤੀ ਜਾਵੇ, ਤਾਂ ਜੋ ਲੋਕ ਆਪਣੀ ਦੱਸਾਂ-ਨੌਹਾਂ ਦੀ ਕਿਰਤ ਨਾਲ ਜੀਵਨ ਗੁਜ਼ਾਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਸ਼ਹਿਰਾਂ ਵਿੱਚ ਵੱਡੇ ਸ਼ੋਰੂਮਾਂ ਦੇ ਪਿੱਛੇ ਨਜਾਇਜ਼ ਕਬਜ਼ੇ ਅਤੇ ਸੜਕਾਂ ’ਤੇ ਰੇਹੜੀਆਂ ਖੁੱਲ੍ਹੀਆਂ ਖੜ੍ਹੀਆਂ ਹਨ, ਤਦ ਗਰੀਬ ਦੰਗਾ ਪੀੜਤਾਂ ਦੀਆਂ ਛੋਟੀਆਂ ਦੁਕਾਨਾਂ ’ਤੇ ਨਿਸ਼ਾਨਾ ਸਾਧਣਾ ਦੋਹਰਾ ਮਾਪਦੰਡ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਪਰਿਵਾਰਾਂ ਨਾਲ ਪਹਿਰੇਦਾਰ ਬਣ ਕੇ ਖੜ੍ਹੇਗਾ ਅਤੇ ਜੋ ਵੀ ਰੂਪਰੇਖਾ ਇਹ ਲੋਕ ਤਿਆਰ ਕਰਨਗੇ, ਅਸੀਂ ਉਸਦਾ ਪੂਰਾ ਸਾਥ ਦਿਆਂਗੇ।

ਜ਼ਿਕਰਯੋਗ ਹੈ ਕਿ ਫੇਜ਼-11 ਵਿੱਚ ਦੰਗਾ ਪੀੜਤ ਪਰਿਵਾਰਾਂ ਦੀਆਂ ਦੁਕਾਨਾਂ ਅਤੇ ਘਰਾਂ ਨਾਲ ਜੁੜੇ ਮਾਮਲਿਆਂ ਵਿੱਚ ਐਂਟੀ-ਇਨਕਰੋਚਮੈਂਟ ਟੀਮ ਦੀ ਕਾਰਵਾਈ ਤੋਂ ਬਾਅਦ ਪ੍ਰਭਾਵਿਤ ਪਰਿਵਾਰ ਧਰਨੇ ’ਤੇ ਬੈਠੇ ਹੋਏ ਹਨ। ਅੱਜ ਪਰਵਿੰਦਰ ਸਿੰਘ ਸੋਹਾਣਾ ਦੇ ਪਹੁੰਚਣ ਨਾਲ ਧਰਨੇ ਨੂੰ ਸਿਆਸੀ ਸਹਾਰਾ ਮਿਲਿਆ ਅਤੇ ਪੀੜਤਾਂ ਨੇ ਉਮੀਦ ਜਤਾਈ ਕਿ ਇਨਸਾਫ਼ ਲਈ ਲੜਾਈ ਹੁਣ ਹੋਰ ਮਜ਼ਬੂਤ ਹੋਏਗੀ।ਇਸ ਮੋਕੇ ਹੋਰਨਾਂ ਤੋ ਇਲਾਵਾ ਹਰਮਨਪ੍ਰੀਤ ਸਿੰਘ ਪ੍ਰਿੰਸ ਸਰਬਜੀਤ ਸਿੰਘ ਪਾਰਸ ਮਨਜੀਤ ਸਿੰਘ ਮਾਨ ਪ੍ਰਦੀਪ ਸਿੰਘ ਭਾਰਜ ਸ਼ਮਸ਼ੇਰ ਸਿੰਘ ਪੁਰਖਾਲਵੀ ਰਮਨਦੀਪ ਸਿੰਘ ਬਾਵਾ ਕੁਲਦੀਪ ਸਿੰਘ ਹਰਿੰਦਰ ਸਿੰਘ ਰਮਨ ਅਰੋੜਾ ਸੋਨੀਆ ਸੰਧੂ ਪਿੰਕੀ ਬਾਲਾ ਅਮਨ ਲੁਥਰਾ ਸਮੇਤ ਭਾਰੀ ਗਿਣਤੀ ਅਕਾਲੀ ਵਰਕਰ ਤੇ ਸਥਾਨਕ ਵਾਸੀ ਮੋਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।