ਸਰਗਰਮ ਸਿਆਸਤ ਤੋਂ ਕਿਨਾਰਾ ਕਰ ਪੰਜਾਬੀਆਂ ਦੇ ਭਲੇ ਲਈ ਗੱਲ ਕਰਨ ਕੈਪਟਨ : ਬਰਸਟ
ਪੰਜਾਬੀਆਂ ਦਾ ਵਿਸ਼ਵਾਸ ਗਵਾ ਕੇ ਕਿਸੇ ਵੀ ਪਾਰਟੀ ਵਿੱਚ ਜਾਣ ਨਾਲ ਕਾਮਯਾਬ ਨਹੀਂ ਹੋ ਸਕਦੇ : ਬਰਸਟ
ਚੰਡੀਗੜ੍ਹ,15 ਦਸੰਬਰ 2025, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ.ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1984 ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਬਲੂ ਸਟਾਰ ਅਪਰੇਸ਼ਨ ਤੋਂ ਬਾਅਦ ਅਸਤੀਫਾ ਦੇ ਕੇ ਜੋ ਪੰਜਾਬੀਆਂ ਦਾ ਵਿਸ਼ਵਾਸ ਜਿੱਤਿਆ ਸੀ, ਹੁਣ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਤੁਸੀ ਉਹ ਵਿਸ਼ਵਾਸ ਗਵਾ ਲਿਆ ਹੈ, ਕਿਉਂਕਿ 2002 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ ਲਈ ਤੁਸੀ ਕੋਈ ਕਾਰਵਾਈ ਨਹੀ ਕੀਤੀ। ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਨੂੰ ਮਿਲਣਾ, ਪੰਜਾਬ ਵਿੱਚ ਰੁਜਗਾਰ, ਇੰਡਸਟਰੀ, ਖੇਤੀਬਾੜੀ ਅਤੇ ਧਾਰਮਿਕ ਮਸਲਿਆਂ ਨੂੰ ਹੱਲ ਕਰਨ ਵਿੱਚ ਤੁਸੀ ਪੂਰੀ ਤਰਾਂ ਨਾਕਾਮ ਰਹੇ ਹੋ। ਵਿਧਾਨ ਸਭਾ ਵਿੱਚ ਜੋ ਪਾਣੀਆਂ ਦੇ ਸਮਝੋਤੇ ਰੱਦ ਕਰਨ ਦਾ ਮਤਾ ਵੀ ਪਾਸ ਕੀਤਾ, ਉਸ ਵਿੱਚ ਵੀ ਧਾਰਾ 5-ਏ ਪਾ ਕੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ, ਕਿਉਕਿ ਜੋ ਪਾਣੀ ਦੂਜੇ ਸੂਬਿਆਂ ਨੂੰ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਰਿਪੇਅਰੀਅਨ ਸਿਧਾਂਤਾਂ ਦੀ ਉਲੰਘਣਾ ਕਰ ਕੇ ਦੂਜੇ ਸੂਬਿਆਂ ਨੂੰ ਜਾ ਰਿਹਾ ਸੀ, ਤੁਸੀ ਪੰਜਾਬ ਦੀ ਵਿਧਾਨ ਸਭਾ ਵਿੱਚ ਉਸ ਜਾ ਰਹੇ ਪਾਣੀ ਨੂੰ ਰੈਗੂਲਾਈਜ਼ ਕਰ ਦਿੱਤਾ ਤੇ ਕਿਹਾ ਕਿ ਜਿਨਾਂ ਪਾਣੀ ਜਾਂਦਾ ਹੈ, ਉਹ ਜਾਂਦਾ ਰਹੇਗਾ। ਇਹ ਪੰਜਾਬੀਆਂ ਨਾਲ ਧ੍ਰੌਹ ਸੀ ਅਤੇ ਵੱਡੀ ਇਤਿਹਾਸਕ ਭੁੱਲ ਸੀ। ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਡਰ ਕੇ ਪੰਜਾਬ ਦੇ ਪਾਣੀਆਂ ਦਾ ਹੱਕ ਲੈਣ ਵਾਲੀ ਪਟੀਸ਼ਨ ਸੁਪਰੀਮ ਕੌਰਟ ਤੋਂ ਵਾਪਿਸ ਲਈ ਸੀ, ਤੁਸੀ ਉਸੇ ਤਰਜ ਤੇ ਜਾ ਕੇ ਭਾਵੇ ਪਿਛਲੇ ਸਮਝੋਤੇ ਰੱਦ ਕੀਤੇ, ਪਰੰਤੂ ਜਾ ਰਹੇ ਪਾਣੀ ਨੂੰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਪੰਜਾਬ ਨਾਲ ਧੌਹ ਕਮਾਇਆ ਹੈ। ਇਸ ਤੋ ਇਲਾਵਾ 2002 ਤੋਂ 2007 ਤੱਕ ਅਕਾਲੀ ਸਰਕਾਰ ਵੱਲੋਂ ਕੀਤੇ ਘਪਲਿਆਂ ਬਾਰੇ ਕੰਮਜ਼ੌਰ ਕੇਸ ਦਰਜ ਕਰਵਾ ਕੇ ਅਕਾਲੀ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਸ਼ਹਿ ਦਿੱਤੀ।
2017 ਤੋਂ ਬਾਅਦ ਪੰਜਾਬ ਦੇ ਦੁਬਾਰਾ ਮੁੱਖ ਮੰਤਰੀ ਬਣਨ ਤੋਂ ਬਾਅਦ 4 ½ ਸਾਲ ਸੀਸਵਾ ਫਾਰਮ ਵਿੱਚ ਐਸ਼ ਪ੍ਰਸਤੀ ਤੋਂ ਇਲਾਵਾ ਕੁਝ ਨਹੀ ਕੀਤਾ। ਪੰਜਾਬ ਦੇ ਲੋਕ ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਇਨਸਾਫ ਦੀ ਆਸ ਰੱਖਦੇ ਸਨ, ਪਰੰਤੂ ਆਪ ਨੇ ਸੀਸਵਾ ਫਾਰਮ ਵਿੱਚ ਬਹਿ ਕੇ ਹੀ ਪੰਜਾਬੀਆਂ ਦੇ ਹਿੱਤਾ ਨੂੰ ਭੁੱਲ ਕੇ ਨਿੱਜੀ ਹਿੱਤਾਂ ਵੱਲ ਜਿਆਦਾ ਧਿਆਨ ਦਿੱਤਾ। ਅੰਤ ਤੁਹਾਡੇ ਆਪਣੇ ਚਹੇਤੇ ਹੀ ਤੁਹਾਨੂੰ ਛੱਡ ਗਏ, ਕਿਉਂਕਿ ਤੁਸੀ ਨਿੱਜੀ ਹਿੱਤਾ ਤੋਂ ਇਲਾਵਾ ਕਿਸੇ ਦੇ ਕੰਮ ਦੀ ਕਦਰ ਨਹੀਂ ਕੀਤੀ। ਕਾਂਗਰਸ ਪਾਰਟੀ ਵੱਲੋਂ ਦਿੱਤੇ ਮਾਣ ਸਨਮਾਨ ਅਤੇ ਪਿਆਰ ਨੂੰ ਭੁੱਲ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਥੇ ਨਾਮੋਸ਼ੀ ਝੱਲਣੀ ਪੈ ਰਹੀ ਹੈ, ਕਿਉਂਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਪਤਾ ਹੈ ਕਿ ਤੁਸੀ ਸਿਰਫ ਨਿੱਜੀ ਹਿੱਤਾ ਨੂੰ ਹੀ ਪਹਿਲ ਦਿੰਦੇ ਹੋ। ਆਪਣੇ ਸਾਥੀਆਂ ਅਤੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਨਹੀ ਕਰਦੇ। ਤੁਹਾਡੇ ਪਿਛਲੇ ਦਿਨਾਂ ਦੌਰਾਨ ਦਿੱਤੇ ਮੀਡੀਆਂ ਮੈਨੇਜਮੇਂਟ ਬਿਆਨ ਤੁਹਾਡੀ ਗਿਰੀ ਸਾਖ ਨੂੰ ਬਹਾਲ ਨਹੀਂ ਕਰ ਸਕਦੇ। ਇਸ ਲਈ ਬਿਹਤਰ ਇਹੀ ਹੈ ਕਿ ਸਿਆਸਤ ਤੋਂ ਸਨਿਆਸ ਲੈ ਕੇ ਆਪਣੀ ਜਿੰਦਗੀ ਮੋਜ ਮਸਤੀ ਨਾਲ ਲੰਮੀ ਉਮਰ ਜੀਉ। ਜਿਥੇ ਮਾਣ ਸਤਿਕਾਰ ਨਾ ਹੋਵੇ ਉਥੇ ਰਹਿਣਾ ਨਹੀਂ ਚਾਹੀਦਾ। ਇਸ ਲਈ ਬੀ ਜੇ ਪੀ ਤੋਂ ਅਸਤੀਫਾ ਦਿਉ। ਹਰ ਰੋਜ ਨਿਰਾਸ਼ਾ ਅਤੇ ਮਾਯੂਸੀ ਭਰੀ ਬਿਆਨਬਾਜੀ ਕਰਕੇ ਮਜ਼ਾਕ ਦੇ ਪਾਤਰ ਨਾ ਬਣੋ ਕਿਉਂਕਿ ਅੱਜ ਤੁਸੀ ਸਾਰੀਆਂ ਪਾਰਟੀਆਂ ਅਤੇ ਪੰਜਾਬੀਆਂ ਦਾ ਵਿਸ਼ਵਾਸ ਗਵਾ ਚੁੱਕੇ ਹੋ।




