- ਚਮਕੌਰ ਸਾਹਿਬ ਪੁਲਿਸ ਵੱਲੋਂ ਨੌਜਵਾਨ ਖਿਲਾਫ ਮਾਮਲਾ ਦਰਜ
ਸ੍ਰੀ ਚਮਕੌਰ ਸਾਹਿਬ ਮੋਰਿੰਡਾ 16 ਦਸੰਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਦੇ ਵਾਰਡ ਨੰਬਰ ਦੋ ਵਿੱਚ ਸਥਿਤ ਮਹੱਲਾ ਰਾਈਵਾੜਾ ਵਿੱਚ ਇੱਕ ਲੜਾਈ ਸਬੰਧੀ ਪੜਤਾਲ ਕਰਨ ਗਏ ਪੁਲਿਸ ਅਧਿਕਾਰੀ ਦੀ ,ਲੜ ਰਹੇ ਇੱਕ ਨੌਜਵਾਨ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਸਥਾਨਕ ਪੁਲਿਸ ਵੱਲੋਂ ਬਕਾਇਦਾ ਮੁਕਦਮਾ ਵੀ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਚਮਕੌਰ ਸਾਹਿਬ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਏਐਸਆਈ ਸੁਦੇਸ਼ ਕੁਮਾਰ ਇੱਕ ਹੋਰ ਪੁਲਿਸ ਮੁਲਾਜ਼ਮ ਨਾਲ ਸੁਖਬੀਰ ਕੌਰ ਪਤਨੀ ਵਰਿੰਦਰ ਸਿੰਘ ਬਾਸੀ ਮਹੱਲਾ ਰਾਈਵਾੜਾ ਸ੍ਰੀ ਚਮਕੌਰ ਸਾਹਿਬ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਸਬੰਧੀ ਮੌਕੇ ਤੇ ਪਹੁੰਚੇ ਸਨ, ਜਿੱਥੇ ਇੱਕ ਨੌਜਵਾਨ ਸੁਖਬੀਰ ਕੌਰ ਅਤੇ ਉਸ ਦੇ ਪਿਤਾ ਜਸਵਿੰਦਰ ਸਿੰਘ ਉਰਫ ਜੱਸਾ ਨਾਲ ਹੱਥੋਪਾਈ ਕਰ ਰਿਹਾ ਸੀ ਅਤੇ ਜਦੋਂ ਉਕਤ ਪੁਲਿਸ ਅਧਿਕਾਰੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤੈਸ਼ ਵਿੱਚ ਆਏ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੀ ਹੋਈ ਹਾਕੀ ਨਾਲ ਇਸ ਪੁਲਿਸ ਅਧਿਕਾਰੀ ਦੇ ਸਿਰ ਤੇ ਵਾਰ ਕਰ ਦਿੱਤਾ ਜਿਸ ਕਾਰਨ ਉਹ ਲਹੂ ਲੁਹਾਣ ਹੋ ਕੇ ਧਰਤੀ ਉੱਪਰ ਡਿੱਗ ਪਿਆ ਤਾਂ ਹਮਲਾਵਰ ਨੌਜਵਾਨ ਨੇ ਫੇਰ ਵੀ ਉਸ ਦੀ ਕੁੱਟਮਾਰ ਜਾਰੀ ਰੱਖੀ।
ਇਸ ਪੁਲਿਸ ਅਧਿਕਾਰੀ ਨੂੰ ਆਮ ਲੋਕਾਂ ਤੇ ਪੁਲਿਸ ਮੁਲਾਜ਼ਮ ਵੱਲੋਂ ਬੜੀ ਮੁਸ਼ਕਿਲ ਨਾਲ ਇਸ ਹਮਲਾਵਰ ਨੌਜਵਾਨ ਤੋਂ ਬਚਾਇਆ ਗਿਆ ਅਤੇ ਸਰਕਾਰੀ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਏਐਸਆਈ ਸੁਦੇਸ਼ ਕੁਮਾਰ ਦੇ ਬਿਆਨ ਦੇ ਆਧਾਰ ਤੇ ਬਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਬਾਸੀ ਪਿੰਡ ਸਲਾੜੀ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਖਿਲਾਫ ਪੁਲਿਸ ਅਧਿਕਾਰੀ ਦੀ ਕੁੱਟਮਾਰ ਕਾਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਅਧੀਨ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਦੀ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




