ਚੋਣ ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦੇਵੇਗਾ ਸ਼੍ਰੋਮਣੀ ਅਕਾਲੀ ਦਲ : ਐਨ.ਕੇ. ਸ਼ਰਮਾ

ਪੰਜਾਬ
  • ਡੇਰਾਬੱਸੀ ਹਲਕੇ ਵਿੱਚ, ‘ਆਪ’ ਨੇ ਨਹੀਂ ਸਰਕਾਰੀ ਤੰਤਰ ਨੇ ਚੋਣ ਲੜੀ
  • ਵੋਟਾਂ ਜਾਣਬੁੱਝ ਕੇ ਰਿਜੈਕਟ ਕਰਕੇ ਅਕਾਲੀ ਦਲ ਦੇ ਉਮੀਦਵਾਰ ਹਰਾਏ

ਜ਼ੀਰਕਪੁਰ, 18 ਦਸੰਬਰ : ਦੇਸ਼ ਕਲਿੱਕ ਬਿਊਰੋ –

ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਅਕਾਲੀ ਦਲ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ ਅਤੇ ‘ਆਪ’ ਸਰਕਾਰ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਵਿਰੁੱਧ ਚੋਣ ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਅੰਕੜੇ-ਅਧਾਰਤ ਜਾਣਕਾਰੀ ਪੇਸ਼ ਕਰਦਿਆਂ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਲੈ ਕੇ ਨਤੀਜਿਆਂ ਦੇ ਐਲਾਨ ਤੱਕ, ਆਮ ਆਦਮੀ ਪਾਰਟੀ ਨੇ ਇਹ ਚੋਣ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਲੜੀ ਹੈ। ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਅਧਿਕਾਰੀ ਆਪਣੇ ਦਫਤਰਾਂ ਦੀ ਬਜਾਏ ‘ਆਪ’ ਆਗੂਆਂ ਦੇ ਦਫਤਰਾਂ ਵਿੱਚ ਬੈਠਦੇ ਸਨ।

ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਡੇਰਾਬੱਸੀ ਵਿੱਚ ਕਈ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਹੋਈਆਂ ਸਨ। ਕਈ ਬਕਸਿਆਂ ਵਿੱਚ ਬੈਲਟ ਪੇਪਰਾਂ ਨਾਲ ਪ੍ਰੀਜ਼ਾਈਡਿੰਗ ਅਫ਼ਸਰ ਦੀਆਂ ਕਾਊਂਟਰ ਸਲਿੱਪਾਂ ਮਿਕਸ ਸਨ। ਜਦੋਂ ਉਨ੍ਹਾਂ ਨੇ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਤਾਂ ਅਧਿਕਾਰੀ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਮਰੱਥ ਰਹੇ।

ਐਨਕੇ ਸ਼ਰਮਾ ਨੇ ਕਿਹਾ ਕਿ ਪਿੰਡ ਬਹੋੜਾ ਵਿੱਚ 50 ਵੋਟਾਂ, ਪਰਾਗਪੁਰ ਵਿੱਚ 90 ਵੋਟਾਂ, ਗੁਰਨਾਨਕ ਕਲੋਨੀ ਵਿੱਚ 213, ਕੁੜਾਵਾਲਾ ਵਿੱਚ 195, ਪਰਾਗਪੁਰ ਵਿੱਚ 189, ਖੇੜੀ ਗੁੱਜਰਾਂ ਵਿੱਚ 238, ਜਵਾਹਰਪੁਰ ਵਿੱਚ 117, ਭੰਖਰਪੁਰ ਵਿੱਚ 93, ਅਮਲਾਲਾ ਵਿੱਚ 117 ਵੋਟਾਂ ਸਮੇਤ ਕੁੱਲ 2283 ਵੋਟਾਂ ਰਿਜੈਕਟ ਕੀਤੀਆਂ ਗਈਆਂ ਹਨ। ਇਹ ਸਾਰੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਨ। ਹੁਮਾਯੂੰਪੁਰ, ਤਸਿੰਬਲੀ ਆਦਿ ਵਿੱਚ ਸਰਕਾਰ ਦਾ ਧੱਕਾ ਨਹੀਂ ਚੱਲ ਸਕਿਆ ਤਾਂ ਉੱਥੇ ਅਕਾਲੀ ਦਲ ਜਿੱਤਿਆ ਗਿਆ ਹੈ। ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਤੋਂ ਬਾਅਦ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਬੈਲਟ ਪੇਪਰ ਦੀ ਇੰਕ ਟੈਸਟ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

ਸ਼ਰਮਾ ਨੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ, ਸਮਰਥਕਾਂ ਅਤੇ ਵਰਕਰਾਂ ਦੀ ਸਖ਼ਤ ਮਿਹਨਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਨੈਤਿਕ ਹਾਰ ਹੋਈ ਹੈ। ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਸੀ। ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਦੇ ਨਿਸ਼ਾਨੇ ’ਤੇ ਅਕਾਲੀ ਦਲ ਸੀ। ਪ੍ਰੈਸ ਅਤੇ ਹਾਈ ਕੋਰਟ ਦੇ ਜੱਜ ਦੀ ਮੌਜੂਦਗੀ ਵਿੱਚ ਦੁਬਾਰਾ ਗਿਣਤੀ ਦੀ ਮੰਗ ਕਰਦੇ ਹੋਏ, ਐਨਕੇ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਅਫ਼ਸਰਸ਼ਾਹੀ ਦੇ ਸਹਾਰੇ ਚੋਣ ਜਿੱਤ ਕੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਹੈ। ਸਹੀ ਸਮਾਂ ਆਉਣ ‘ਤੇ ਪੰਜਾਬ ਦੇ ਲੋਕ ਇਸਦਾ ਜਵਾਬ ਦੇਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।