- ਸਦੀਵੀ ਯਾਦਗਾਰ ਵੱਜੋਂ ਚੇਤਿਆਂ ‘ਚ ਵਸਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਸੌਂਦ
- ਪੰਜਾਬ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵਿਸ਼ਵ ਪੱਧਰੀ ਪ੍ਰੋਜੈਕਟ ਸ਼ੁਰੂ ਕੀਤੇ
- ਭਾਈ ਜੈਤਾ ਜੀ ਦੀ ਯਾਦਗਾਰ ਉੱਤੇ 20 ਕਰੋੜ ਰੁਪਏ ਖਰਚੇ ਅਤੇ ਵਿਰਾਸਤੀ ਮਾਰਗ ਦੀ ਉਸਾਰੀ ਉੱਤੇ ਆਵੇਗੀ 18 ਕਰੋੜ ਰੁਪਏ ਦੀ ਲਾਗਤ
- ਪੰਜਾਬ ਦੇ ਸੱਭਿਆਚਾਰ ਤੇ ਰਵਾਇਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਅਹਿਮ ਕਦਮ
ਚੰਡੀਗੜ੍ਹ, 18 ਦਸੰਬਰ: ਦੇਸ਼ ਕਲਿੱਕ ਬਿਊਰੋ –
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸਾਲ 2025 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਮਨਾਉਣ ਲਈ ਨੋਡਲ ਵਿਭਾਗ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਸਮਾਗਮ ਸੰਗਤਾਂ ਦੇ ਚੇਤਿਆਂ ਵਿੱਚ ਸਦੀਵੀ ਵਸੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਲ 2025 ਦੌਰਾਨ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਫਲ ਸਮਾਗਮਾਂ ਦੀ ਦੁਨੀਆਂ ਭਰ ਦੀ ਸੰਗਤ ਨੇ ਪ੍ਰਸੰਸ਼ਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਗਏ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਤੋਂ 29 ਨਵੰਬਰ ਤੱਕ ਡਰੋਨ ਸ਼ੋਅ ਨੇ ਦੁਨੀਆਂ ਭਰ ਦੀ ਸੰਗਤ ਦਾ ਧਿਆਨ ਖਿੱਚਿਆ। 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੁਨੀਆਂ ਭਰ ਤੋਂ ਸੰਗਤ ਨੇ ਹਾਜ਼ਰੀ ਭਰੀ ਅਤੇ ਰਾਜ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਜਿਸ ਵਿੱਚ ਟੈਂਟ ਸਿਟੀ, ਸ਼ਟਲ ਬੱਸ ਸਰਵਿਸ, ਮੀਡੀਆ ਸੈਂਟਰ ਅਤੇ ਧਾਰਮਿਕ-ਸਮਾਜਿਕ ਸਮਾਗਮਾਂ ਦੀ ਸ਼ਲਾਘਾ ਕੀਤੀ।
ਸੌਂਦ ਨੇ ਦੱਸਿਆ ਕਿ ਗੁਰੂ ਸਾਹਿਬ ਨਾਲ ਸਬੰਧਤ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਹੋਈ ਸੀ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਤੋਂ ਇਲਾਵਾ ਹੋਰ ਧਾਰਮਿਕ ਤੇ ਸਿੱਖਿਅਕ ਸਮਾਗਮ ਕਰਵਾਏ ਗਏ। 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਅਗਲੇ ਦਿਨ 19 ਨਵੰਬਰ ਨੂੰ ਉਥੋਂ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਫ਼ਰੀਦਕੋਟ ਤੇ ਗੁਰਦਾਸਪੁਰ ਤੋਂ ਵੀ ਨਗਰ ਕੀਰਤਨ ਸਜਾਏ ਗਏ। ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੰਪੂਰਨ ਹੋਏ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਰੋਸਾਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵੀ ਪੰਜਾਬ ਸਰਕਾਰ ਨੇ ਸਾਲ 2025 ਦੌਰਾਨ ਵੱਡੇ ਕਾਰਜ ਆਰੰਭੇ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਇਤਿਹਾਸ ਨੂੰ ਰੂਪਮਾਨ ਕਰਦੀਆਂ ਪੰਜ ਗੈਲਰੀਆਂ ਮਨੁੱਖਤਾ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਇਸ ਯਾਦਗਾਰ ਦਾ ਕੁੱਲ ਖੇਤਰ 5 ਏਕੜ ਹੈ। ਇਸ ਵਿੱਚੋਂ ਕਵਰਡ ਖੇਤਰ ਤਕਰੀਬਨ 2 ਏਕੜ ਹੈ ਅਤੇ ਕੰਸਟ੍ਰਕਸ਼ਨ ਖੇਤਰ 3200 ਵਰਗ ਫੁੱਟ ਹੈ।
ਇਸ ਯਾਦਗਾਰ ਨੂੰ ਦੋ ਭਾਗਾਂ ਵਿੱਚ ਮੁਕੰਮਲ ਕੀਤਾ ਗਿਆ ਹੈ। ਪਹਿਲੇ ਭਾਗ ਵਿੱਚ ਇਮਾਰਤ ਦਾ ਨਿਰਮਾਣ ਮੁਕੰਮਲ ਕਰਕੇ ਫਰਵਰੀ 2024 ਵਿੱਚ ਸਮਰਪਿਤ ਕਰ ਦਿੱਤਾ ਗਿਆ ਸੀ। ਸਤੰਬਰ ਮਹੀਨੇ ਮੁੱਖ ਮੰਤਰੀ ਵੱਲੋਂ ਸੰਗਤ ਨੂੰ ਸਮਰਪਿਤ ਕੀਤੇ ਗਏ ਦੂਜੇ ਭਾਗ ਵਿੱਚ ਇਮਾਰਤ ਦੇ ਦੋਵੇਂ ਵਿੰਗਾਂ ਅੰਦਰ ਗੁਰੂ ਸਾਹਿਬ ਤੇ ਭਾਈ ਜੈਤਾ ਜੀ ਦੇ ਜੀਵਨ ਨੂੰ ਦਰਸਾਉਂਦੀਆਂ ਪੰਜ ਗੈਲਰੀਆਂ ਬਣਾਈਆਂ ਗਈਆਂ ਹਨ। ਪਹਿਲੇ ਭਾਗ ‘ਤੇ 17 ਕਰੋੜ ਰੁਪਏ ਦੀ ਲਾਗਤ ਆਈ ਸੀ ਜਦਕਿ ਦੂਸਰੇ ਭਾਗ ‘ਤੇ 3 ਕਰੋੜ ਰੁਪਏ ਦੀ ਲਾਗਤ ਆਈ ਹੈ। ਵਿਰਾਸਤ-ਏ-ਖਾਲਸਾ ਵਿੱਚ ਵੀ ਨੌਂਵੇ ਪਾਤਸ਼ਾਹ ਨਾਲ ਸਬੰਧਤ ਇੱਕ ਪ੍ਰਦਰਸ਼ਨੀ ਗੈਲਰੀ ਦਾ ਮੁੱਖ ਮੰਤਰੀ ਨੇ 23 ਨਵੰਬਰ ਨੂੰ ਉਦਘਾਟਨ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਸਿੱਖਾਂ ਦੇ ਮਹਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਿੱਟੇ ਰੰਗ ਦੇ ਸੰਗਮਰਮਰ ਨਾਲ ਵਿਰਾਸਤੀ ਮਾਰਗ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਤੇ ਕੁੱਲ 18 ਕਰੋੜ ਰੁਪਏ ਦੀ ਲਾਗਤ ਆਵੇਗੀ। 5 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਕਰੀਬ 10 ਮਹੀਨੇ ਵਿੱਚ ਇਸਨੂੰ ਪੂਰਾ ਕਰ ਲਿਆ ਜਾਵੇਗਾ। ਸੌਂਦ ਨੇ ਦੱਸਿਆ ਕਿ ਮੇਨ ਰੋਡ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਕੁੱਲ 580 ਮੀਟਰ ਲੰਬੇ ਮਾਰਗ ਉੱਤੇ ਚਿੱਟਾ ਸੰਗਮਰਮਰ ਲਾਇਆ ਜਾਵੇਗਾ ਅਤੇ ਕੁੱਲ ਛੇ ਦਾਖਲਾ ਗੇਟ ਬਣਾਏ ਜਾਣਗੇ।
ਸੌਂਦ ਨੇ ਕਿਹਾ ਕਿ ਇਸ ਮਹਾਨ ਸਮਾਗਮ ਤੇ ਕਾਰਜਾਂ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਨੇ ਸਾਲ 2025 ਦੇ ਸ਼ੁਰੂ ਵਿੱਚ ਹੀ ਖੰਨਾ ‘ਚ ‘ਧੀਆਂ ਦੀ ਲੋਹੜੀ’ ਮਨਾਈ। ਨਵਜੰਮੀਆ ਬੱਚੀਆ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਧੀਆਂ ਦੀ ਲੋਹੜੀ ਵਰਗੇ ਸਮਾਗਮ ਖਾਸ ਭੂਮਿਕਾ ਅਦਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਇਸ ਸਾਲ ਅਹਿਮ ਪ੍ਰਸ਼ਾਸਨੀ ਫੈਸਲੇ ਲਏ ਗਏ। ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਟੋਡਰ ਮੱਲ ਦੇ ਇਤਿਹਾਸਕ ਨਿਵਾਸ ਸਥਾਨ ਜਹਾਜ਼ ਹਵੇਲੀ ਦੀ ਮੁੜ ਬਹਾਲੀ ਸ਼ੁਰੂ ਕਰਕੇ ਸਿੱਖ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ। ਦੀਵਾਨ ਟੋਡਰ ਮੱਲ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ, ਦੀ ਹਵੇਲੀ ਨੂੰ ਇਸਦੀ ਪੁਰਾਣੀ ਦਿੱਖ ਦੇਣ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ, ਪੰਜਾਬ ਆਪਣੀ ਦੇਖਰੇਖ ਹੇਠ ਕਾਰਜ ਕਰ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰ ਦੀ ਪ੍ਰਫੁੱਲਤਾ ਤੇ ਰਵਾਇਤੀ ਖੇਡਾਂ ਦੀ ਸ਼ਾਨੋ-ਸ਼ੌਕਤ ਬਰਕਰਾਰ ਰੱਖਣ ਲਈ ਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਕਰਵਾਇਆ ਗਿਆ। ਪੰਜਾਬ ਦੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚੋਂ ਇੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਉਦਘਾਟਨ ਖੁਦ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ ਸੀ। 13 ਤੋਂ 16 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਹੈਰੀਟੇਜ ਵਾਕ, ਫੂਡ ਫੈਸਟੀਵਲ, ਸੰਗੀਤਕ ਸ਼ਾਮ, ਏਅਰੋ ਸ਼ੋਅ, ਨੇਚਰ ਵਾਕ, ਫੁੱਲਾਂ ਦੀ ਪ੍ਰਦਰਸ਼ਨੀ ਅਤੇ ਫੈਸ਼ਨ ਵਾਕ ਸਮੇਤ ਵੱਖ-ਵੱਖ ਦਿਲਕਸ਼ ਪ੍ਰੋਗਰਾਮ ਕਰਵਾਏ ਗਏ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੈਰ ਸਪਾਟੇ ਨੂੰ ਵਿਸ਼ਵ ਪੱਧਰੀ ਬਣਾਉਣ ਅਤੇ ਸੱਭਿਆਚਾਰ ਤੇ ਰਵਾਇਤੀ ਖੇਡਾਂ-ਤਿਉਹਾਰਾਂ ਦੀ ਪ੍ਰਫੁੱਲਤਾ ਲਈ ਸਾਲ 2026 ਦੌਰਾਨ ਹੋਰ ਸ਼ਿੱਦਤ, ਸੁਹਿਰਦਤਾ ਤੇ ਲਗਨ ਨਾਲ ਕਾਰਜ ਕਰੇਗੀ।




