- ਅਮਨ ਅਰੋੜਾ ਨੇ ਸਾਲ 2025 ਦੌਰਾਨ ਨਵਿਆਉਣਯੋਗ ਊਰਜਾ ਖੇਤਰ ਵਿੱਚ ਪੰਜਾਬ ਦੀ ਬੇਮਿਸਾਲ ਪ੍ਰਗਤੀ ‘ਤੇ ਚਾਨਣਾ ਪਾਇਆ
- ਊਰਜਾ ਕੁਸ਼ਲਤਾ ਅਤੇ ਸਾਫ਼-ਸੁਥਰੀ ਊਰਜਾ ਵਿੱਚ ਪੇਡਾ ਦੇ ਯਤਨਾਂ ਨੂੰ ਰਾਸ਼ਟਰੀ ਮਾਨਤਾ ਮਿਲੀ: ਅਮਨ ਅਰੋੜਾ
ਚੰਡੀਗੜ੍ਹ, 19 ਦਸੰਬਰ: ਦੇਸ਼ ਕਲਿੱਕ ਬਿਊਰੋ –
ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਾਲ 2025 ਦੌਰਾਨ ਨਵਿਆਉਣਯੋਗ ਖੇਤਰ ਵਿੱਚ ਹੋਈ ਬੇਮਿਸਾਲ ਪ੍ਰਗਤੀ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਖੇਤੀ ਰਹਿੰਦ-ਖੂੰਹਦ ਅਤੇ ਸੌਰ ਊਰਜਾ ਦੀ ਵਰਤੋਂ ਜ਼ਰੀਏ ਪੰਜਾਬ ਨੂੰ ਸੁਹਾਵਣੇ ਤੇ ਸਿਹਤਮੰਦ ਭਵਿੱਖ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਰਜ ਤੋਂ ਘਰਾਂ ਅਤੇ ਖੇਤਾਂ ਨੂੰ ਊਰਜਾ ਮਿਲ ਰਹੀ ਹੈ; ਖੇਤੀ ਰਹਿੰਦ-ਖੂੰਹਦ ਤੋਂ ਸਾਫ਼-ਸੁਥਰੇ ਈਂਧਣ ਵਜੋਂ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਡਾ ਨੇ ਆਪਣੀਆਂ ਵਿਕਾਸ-ਮੁਖੀ ਨੀਤੀਆਂ ਨਾਲ ਪੰਜਾਬ ਦੇ ਟਿਕਾਊ ਭਵਿੱਖ ਦੀ ਸਿਰਜਣਾ ਵੱਲ ਇੱਕ ਵੱਡੀ ਪੁਲਾਂਘ ਪੁੱਟੀ ਹੈ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੌਰ ਊਰਜਾ ਨਾਲ ਪੰਜਾਬ ਦਾ ਰਿਸ਼ਤਾ ਇਸ ਸਾਲ ਹੋਰ ਵੀ ਗੂੜਾ ਹੋਇਆ ਹੈ ਕਿਉਂਕਿ ਜੁਲਾਈ 2025 ਵਿੱਚ ਬਠਿੰਡਾ ਦੇ ਪਿੰਡ ਭਾਗੀ ਬਾਂਦਰ ਵਿਖੇ 4 ਮੈਗਾਵਾਟ ਸਮਰੱਥਾ ਦਾ ਇੱਕ ਗਰਾਊਂਡ -ਮਾਊਂਟਿਡ ਸੋਲਰ ਪਾਵਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਬਠਿੰਡਾ ਦੇ ਕੋਠੇ ਮੱਲੂਆਣਾ ਅਤੇ ਸ਼ੇਰਗੜ੍ਹ ਵਿਖੇ 4-4 ਮੈਗਾਵਾਟ ਦੋ ਸੋਲਰ ਪਾਵਰ ਪ੍ਰੋਜੈਕਟ ਲਗਾਏ ਜਾ ਰਹੇ ਹਨ। ਪੇਡਾ ਨੇ ਖੇਤੀਬਾੜੀ ਖੇਤਰ ਨੂੰ ਕਾਰਬਨ ਮੁਕਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੇ ਪੀਰਕੋਟ ਫੀਡਰ ‘ਤੇ ਸੋਲਰ ਗਰਿੱਡ-ਕੁਨੈਕਟਿਡ 16 ਖੇਤੀਬਾੜੀ ਪੰਪ ਵੀ ਲਗਾਏ ਹਨ ਅਤੇ 4 ਹੋਰ ਪੰਪ ਸਥਾਪਤ ਕੀਤੇ ਜਾ ਰਹੇ ਹਨ।
ਇਸਦੇ ਨਾਲ ਹੀ ਪੇਡਾ ਨੇ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ 4,850 ਆਫ-ਗਰਿੱਡ ਸਟੈਂਡਅਲੋਨ ਸੋਲਰ ਵਾਟਰ ਪੰਪ ਵੀ ਲਗਾਏ ਹਨ। ਇਸ ਤੋਂ ਇਲਾਵਾ ਮਾਡਲ ਸੋਲਰ ਵਿਲੇਜ (ਪਿੰਡ) ਯੋਜਨਾ ਤਹਿਤ ਸਵੈ-ਨਿਰਭਰ ਊਰਜਾ ਹੱਬ ਵਿੱਚ ਬਦਲਣ ਲਈ 277 ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਇਸ ਸਾਲ 148 ਸਰਕਾਰੀ ਇਮਾਰਤਾਂ ‘ਤੇ 2.6 ਮੈਗਾਵਾਟ ਦੇ ਰੂਫ਼ਟਾਪ ਸੋਲਰ ਪਾਵਰ ਪਲਾਂਟ ਵੀ ਲਗਾਏ ਗਏ ਹਨ ਅਤੇ 4,169 ਤੋਂ ਵੱਧ ਸੋਲਰ ਸਟਰੀਟ ਲਾਈਟਾਂ 299 ਪਿੰਡਾਂ ਨੂੰ ਰੌਸ਼ਨ ਕਰਦਿਆਂ ਹਨੇਰਾ ਹੋਣ ‘ਤੇ ਲੋਕਾਂ ਦੇ ਸੁਖਾਲੇ ਜਨ-ਜੀਵਨ ਅਤੇ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 65 ਪਿੰਡਾਂ ਵਿੱਚ ਹੋਰ 1,221 ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ।
ਖੇਤਾਂ ਵਿੱਚ ਲਿਖੀ ਜਾ ਰਹੀ ਸਫ਼ਲਤਾ ਦੀ ਇਬਾਰਤ ਨੂੰ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 822 ਟਨ ਸੀਬੀਜੀ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 57 ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪ੍ਰੋਜੈਕਟ ਅਲਾਟ ਕੀਤੇ ਗਏ ਹਨ। ਇਹ ਪ੍ਰੋਜੈਕਟ ਚਾਲੂ ਹੋਣ ਉਤੇ ਸਾਲਾਨਾ 27 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਕਰਨਗੇ। ਇਸ ਤੋਂ ਇਲਾਵਾ ਕੁੱਲ 107.48 ਟੀਪੀਡੀ ਸਮਰੱਥਾ ਵਾਲੇ ਛੇ ਸੀਬੀਜੀ ਪ੍ਰੋਜੈਕਟ ਕਾਰਜਸ਼ੀਲ ਹਨ। ਇਸਦੇ ਨਾਲ ਹੀ ਪੰਜ ਕੰਪ੍ਰੈਸਡ ਬਾਇਓ-ਗੈਸ ਪਲਾਂਟ ਅਤੇ ਬਠਿੰਡਾ ਵਿੱਚ ਇੱਕ ਪ੍ਰਮੁੱਖ ਬਾਇਓ-ਈਥੇਨੌਲ ਫੈਸਿਲਟੀ ਸਥਾਪਨਾ ਤੋਂ ਬਾਅਦ ਸਾਲਾਨਾ 3.3 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਹਿੰਦ-ਖੂੰਹਦ ਪ੍ਰਬੰਧਨ ਨਹੀਂ; ਸਗੋਂ ਇੱਕ ਸਰਕੁਲਰ ਅਰਥਵਿਵਸਥਾ ਦੀ ਸਿਰਜਣਾ ਹੈ ਜਿੱਥੇ ਖੇਤੀ ਰਹਿੰਦ-ਖੂੰਹਦ ਦਾ ਕੁਸ਼ਲ ਪ੍ਰਬੰਧਨ ਵਿਕਾਸ ਤੇ ਤਰੱਕੀ ਦੇ ਨਾਲ-ਨਾਲ ਸਾਫ਼ ਤੇ ਸਿਹਤਮੰਦ ਵਾਤਾਵਰਣ ਵਿੱਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਵਿਲੱਖਣ ਅਤੇ ਟਿਕਾਊ ਊਰਜਾ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ 40 ਮੈਗਾਵਾਟ ਦਾ ਕੈਨਲ-ਟਾਪ ਸੋਲਰ ਪ੍ਰੋਜੈਕਟ ਬਿਜਲੀ ਪੈਦਾ ਕਰਨ ਦੇ ਨਾਲ-ਨਾਲ ਭੂਮੀ ਸੰਭਾਲ ਅਤੇ ਪਾਣੀ ਦੀ ਬਚਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ੂਗਰ ਮਿੱਲ ਵਿਖੇ 14 ਮੈਗਾਵਾਟ ਦਾ ਸਹਿ-ਉਤਪਾਦਨ ਪਲਾਂਟ ਅਤੇ ਧਾਰੀਵਾਲ ਵਿੱਚ 2 ਮੈਗਾਵਾਟ ਦਾ ਮਿੰਨੀ ਹਾਈਡਲ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਹਰ ਨਵਿਆਉਣਯੋਗ ਸਰੋਤ ਦੀ ਕੁਸ਼ਲ ਵਰਤੋਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸ੍ਰੀ ਅਰੋੜਾ ਨੇ ਦੱਸਿਆ ਕਿ ਊਰਜਾ ਕੁਸ਼ਲਤਾ ਅਤੇ ਗਰੀਨ ਊਰਜਾ ਖੇਤਰ ਵਿੱਚ ਪੇਡਾ ਦੇ ਯਤਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਐਨਈਸੀਏ 2025 ਤਹਿਤ ਸਟੇਟ ਪਰਫਾਰਮੈਂਸ ਐਵਾਰਡ (ਗਰੁੱਪ-3) ਵਿੱਚ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਹੱਥੋਂ ਪੇਡਾ ਨੂੰ ਦੂਜੇ ਐਵਾਰਡ ਨਾਲ ਸਨਮਾਨ ਹਾਸਲ ਹੋਇਆ ਹੈ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਨੇ ਇਕੋ ਤੀਰ ਨਾਲ ਊਰਜਾ ਸੰਭਾਲ, ਖੁਸ਼ਹਾਲ ਕਿਸਾਨੀ ਅਤੇ ਵਾਤਾਵਰਣ ਸੰਭਾਲ ਲਈ ਇੱਕ ਨਵਾਂ ਰਾਹ ਘੜਿਆ ਹੈ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਅਸਲ ਤਰੱਕੀ, ਉਸ ਕਿਸਾਨ, ਜਿਸਦੀ ਸਿੰਚਾਈ ਲਾਗਤ ਘਟੀ ਹੈ, ਪਿੰਡ ਦਾ ਚੌਰਾਹਾ, ਜੋ ਸੋਲਰ ਲਾਈਟਾਂ ਨਾਲ ਜਗਮਗਾ ਰਿਹਾ ਹੈ ਅਤੇ ਸਾਫ਼-ਸੁਥਰੀ ਹਵਾ, ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ, ਨੂੰ ਦੇਖ ਕੇ ਮਹਿਸੂਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਰੌਸ਼ਨ, ਹਰਿਆ-ਭਰਿਆ ਅਤੇ ਵਧੇਰੇ ਖੁਸ਼ਹਾਲ ਪੰਜਾਬ ਸਿਰਜ ਰਹੇ ਹਾਂ, ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀ।
ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਪੰਜਾਬ ਸਿਰਫ਼ ਨਵਿਆਉਣਯੋਗ ਊਰਜਾ ਨੂੰ ਅਪਣਾ ਹੀ ਨਹੀਂ ਰਿਹਾ, ਸਗੋਂ ਇਸਨੂੰ ਆਪਣੇ ਵਿਕਾਸ ਦੇ ਤਾਣੇ-ਬਾਣੇ ਦਾ ਹਿੱਸਾ ਵੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰੇਕ ਪ੍ਰੋਜੈਕਟ ਊਰਜਾ ਖੇਤਰ ‘ਚ ਸਵੈ-ਨਿਰਭਰਤਾ, ਆਰਥਿਕ ਮਜ਼ਬੂਤੀ ਅਤੇ ਸਾਫ਼-ਸੁਥਰੇ ਵਾਤਾਵਰਣ ਵੱਲ ਇੱਕ ਸੋਚਿਆ-ਸਮਝਿਆ ਤੇ ਪ੍ਰਭਾਵਸ਼ਾਲੀ ਕਦਮ ਹੈ।




