- 22 ਦਸੰਬਰ ਨੂੰ ਧੂਰੀ ਵਿਖੇ ਕੀਤਾ ਜਾਵੇਗਾ ਰੋਸ ਮਾਰਚ
ਮੋਰਿੰਡਾ, 19 ਦਸੰਬਰ (ਭਟੋਆ)
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਰਜਿ: ਨਾਲ ਸੰਬੰਧਿਤ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ 23 ਦਸੰਬਰ ਤੋਂ ਪੰਜਾਬ ਭਰ ਵਿੱਚ ਤਿੰਨ ਦਿਨਾਂ ਹੜਤਾਲ ਕਰਨਗੇ। ਜਦਕਿ 22 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਧੂਰੀ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾਈ ਪ੍ਰੈੱਸ ਸਕੱਤਰ ਨਰਿੰਦਰ ਸ਼ਰਮਾ ਮੋਰਿੰਡਾ ਨੇ ਦੱਸਿਆ ਕਿ ਇਹ ਕਾਮੇ ਪਿਛਲੇ ਲੰਬੇ ਸਮੇਂ ਤੋਂ ਵਰਕਰਾਂ ਦੀਆਂ ਪੰਜਾਬ ਪੱਧਰੀ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕਰ ਰਹੇ ਹਨ।
ਇਸ ਮੌਕੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ ਅਗਸਤ ਮਹੀਨੇ ਜਥੇਬੰਦੀ ਦੇ ਪੰਜਾਬ ਪੱਧਰੀ ਚਲਦੇ ਸੰਘਰਸ਼ ਦੌਰਾਨ ਅਫਸਰਸਾਹੀ /ਸਰਕਾਰ ਵੱਲੋਂ ਮੌੜ ਮੰਡੀ ਦੇ ਪੰਦਰਾਂ ਵਰਕਰਾਂ ਤੇ ਝੂਠੇ ਪਰਚੇ ਪਾ ਕੇ ਜੇਲਾਂ ਵਿੱਚ ਭੇਜਿਆ ਗਿਆ ਅਤੇ ਨੌਕਰੀ ਤੋਂ ਵੀ ਫਾਰਗ ਕੀਤਾ ਗਿਆ। ਉਸ ਮੌਕੇ ਪੰਜਾਬ ਪੱਧਰੀ ਹੜਤਾਲ ਮੁੱਖ ਕਾਰਜਕਾਰੀ ਅਫਸਰ ਵੱਲੋਂ ਇਹ ਕਹਿ ਕੇ ਚੁਕਵਾਈ ਗਈ ਕਿ ਮੌੜ ਮੰਡੀ ਵਰਕਰਾਂ ‘ਤੇ ਪਾਏ ਪਰਚੇ ਰੱਦ ਕੀਤੇ ਜਾਣਗੇ ਅਤੇ ਵਰਕਰਾਂ ਨੂੰ ਕੰਮਾਂ ਤੇ ਰੱਖਿਆ ਜਾਵੇਗਾ।
ਪਰ ਉਸ ਤੋਂ ਬਾਅਦ ਨਾ ਹੀ ਵਰਕਰਾਂ ਨੂੰ ਕੰਮਾਂ ਤੇ ਰੱਖਿਆ ਗਿਆ ਤੇ ਨਾ ਹੀ ਪਰਚੇ ਰੱਦ ਕੀਤੇ ਗਏ। ਸਗੋਂ ਸਰਕਾਰ ਵੱਲੋਂ ਵਾਰ ਵਾਰ ਜਥੇਬੰਦੀ ਨੂੰ ਮੀਟਿੰਗਾਂ ਦੇ ਕੇ ਪੋਸਟਪੋਨ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ 22 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿਖੇ ਜਬਰਦਸਤ ਰੋਸ ਮਾਰਚ ਅਤੇ 23 ਤੋਂ 25 ਦਸੰਬਰ ਤੱਕ ਤਿੰਨ ਦਿਨਾਂ ਪੰਜਾਬ ਪੱਧਰੀ ਹੜਤਾਲ ਕੀਤੀ ਜਾਵੇਗੀ | ਜਿਸਦੀ ਪੂਰੀ ਜਿੰਮੇਵਾਰੀ ਪ੍ਸਾਸਨ ਦੀ ਹੋਵੇਗੀ।




