ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ‘ਬੀਰ ਬਾਲ ਦਿਵਸ’ ਨਾਮ ਸਿੱਖ ਪੰਥ ਨੂੰ ਪ੍ਰਵਾਨ ਨਹੀਂ : ਸਾਬਕਾ CM ਚੰਨੀ

ਪੰਜਾਬ
  • ਸਿੱਖ ਪੰਥ ਦੀ ਧਾਰਮਿਕ ਮਰਿਆਦਾ ਅਤੇ ਪਰੰਪਰਾ ਅਨੁਸਾਰ ਨਾਮ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ।
  • ਮੋਦੀ ਸਰਕਾਰ ਆਰਐਸਐਸ ਦੀਆਂ ਨੀਤੀਆਂ ਨੂੰ ਸਿੱਖਾਂ ਤੇ ਥੋਪਣ ਤੋ ਗੁਰੇਜ ਕਰੇ

ਮੋਰਿੰਡਾ 20 ਦਸੰਬਰ (ਭਟੋਆ)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਪੰਥ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਰਐਸਐਸ ਦੀਆਂ ਨੀਤੀਆਂ ਨੂੰ ਸਿੱਖਾਂ ਤੇ ਥੋਪਣਾ ਚਾਹੁੰਦੀ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਹ ਪ੍ਰਗਟਾਵਾ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੋਰਿੰਡਾ ਸਥਿਤ ਰਿਹਾਇਸ਼ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਤੱਕ ਕੀਤੀ ਗਈ ਪੈਦਲ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਚੰਨੀ ਨੇ ਕਿਹਾ ਕਿ ਉਹ ਬੀਜੇਪੀ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਨ ਕਿ ਆਰਐਸਐਸ ਦੀ ਨੀਤੀ ਤੇ ਚਲਦਿਆਂ ਸਿੱਖ ਪੰਥ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦਿੱਤਾ ਜਾਵੇ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਬੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਕਰਨ ਸਬੰਧੀ ਪੰਜਾਬ ਦੇ ਸਮੂਹ ਲੋਕ ਸਭਾ ਮੈਂਬਰਾਂ ਨੂੰ ਲਿਖੇ ਪੱਤਰ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਚੰਨੀ ਨੇ ਕੇਂਦਰ ਸਰਕਾਰ ਵੱਲੋਂ ਆਰਐਸਐਸ ਦੇ ਦਬਾਅ ਅਧੀਨ ਹਿੰਦੂਵਾਦੀ ਤੇ ਮੰਨੂਵਾਦੀ ਸੋਚ ਅਧੀਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਰੱਖੇ ਗਏ ਨਾਮ ਬੀਰ ਬਾਲ ਦਿਵਸ ਦੀ ਵਿਰੋਧਤਾ ਕਰਦੇ ਹੋਏ ਕਿਹਾ ਕਿ ਇਹ ਨਾਮ ਸਿੱਖ ਪੰਥ ਨੂੰ ਪ੍ਰਵਾਨ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲੋਕ ਸਭਾ ਮੈਂਬਰਾਂ ਨੂੰ ਜਾਰੀ ਆਦੇਸ਼ ਦਾ ਸਤਿਕਾਰ ਕਰਦੇ ਹੋਏ ਇਸ ਸਬੰਧੀ ਮਾਮਲਾ ਲੋਕ ਸਭਾ ਵਿੱਚ ਅਤੇ ਸਬੰਧਤ ਵਿਭਾਗ ਦੇ ਮੰਤਰੀ ਕੋਲ ਵੀ ਉਠਾਉਣਗੇ ।

ਉਹਨਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕੇਂਦਰ ਸਰਕਾਰ ਵੱਲੋਂ ਸਿੱਖ ਪੰਥ ਨਾਲ ਸੰਬੰਧਿਤ ਕਿਸੇ ਵੀ ਕਾਨੂੰਨ ਵਿੱਚ ਕੋਈ ਸੋਧ ਕਰਨੀ ਹੈ ਤਾਂ ਉਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਵਿਦਵਾਨਾਂ ਅਤੇ ਸਿੱਖ ਸੰਗਤ ਨਾਲ ਵਿਚਾਰ ਚਰਚਾ ਕਰਨ ਉਪਰੰਤ ਹੀ ਕੀਤੀ ਜਾਵੇ। ਸ੍ਰੀ ਚੰਨੀ ਨੇ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਬੀਰਬਾਲ ਦਿਵਸ ਦਾ ਨਾਮ ਸਿੱਖ ਪੰਥ ਨੂੰ ਪ੍ਰਵਾਨ ਨਹੀਂ ਹੈ, ਇਸ ਲਈ ਸਿੱਖ ਪੰਥ ਦੀ ਧਾਰਮਿਕ ਮਰਿਆਦਾ ਅਤੇ ਪਰੰਪਰਾ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੱਲੋਂ ਛੋਟੀ ਉਮਰ ਵਿੱਚ ਦਿੱਤੀ ਲਾਸਾਨੀ ਤੇ ਮਹਾਨ ਸ਼ਹਾਦਤ ਨੂੰ ਸਿਜਦਾ ਕਰਨ ਲਈ ਇਸ ਨਾਮ ਨੂੰ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ।

ਇਸ ਮੌਕੇ ਤੇ ਉਹਨਾਂ ਕੋਈ ਵੀ ਰਾਜਨੀਤਿਕ ਗੱਲ ਕਰਨ ਤੋਂ ਗੁਰੇਜ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਮੇਤ ਸਮੂਹ ਸਿੰਘਾਂ ਸ਼ਹੀਦਾਂ ਵੱਲੋਂ ਜਬਰ ਜੁਲਮ ਵਿਰੁੱਧ ਤੇ ਮਾਨਵਤਾ ਲਈ ਦਿੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਉਹਨਾਂ ਵੱਲੋਂ ਹਰ ਸਾਲ ਆਪਣੇ ਪਰਿਵਾਰ ਤੇ ਸਿੱਖ ਸੰਗਤ ਨਾਲ ਮੋਰਿੰਡਾ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਕੀਤੀ ਜਾਂਦੀ ਹੈ ਤਾਂ ਜੋ ਨੌਜਵਾਨ ਪੀੜੀ ਤੱਕ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ।

ਉਹਨਾਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 21 ਦਸੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ, ਜਿਸ ਉਪਰੰਤ ਉਹ ਆਪਣੇ ਸਮਰਥਕਾਂ ਤੇ ਸਿੱਖ ਸੰਗਤ ਦੇ ਨਾਲ ਚਮਕੌਰ ਸਾਹਿਬ ਦੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਸ਼ਰਧਜਲੀ ਭੇਂਟ ਕਰਨ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸ਼ਹੀਦੀ ਜੋੜ ਮੇਲ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਸ ਪੈਦਲ ਯਾਤਰਾ ਦੌਰਾਨ ਸ੍ਰੀ ਚੰਨੀ ਨੂੰ ਮਾਰਕੀਟ ਕਮੇਟੀ ਮੋਰਿੰਡਾ ਦੇ ਸਾਬਕਾ ਵਾਈਸ ਚੇਅਰਮੈਨ ਚਰਨਜੀਤ ਚੰਨੀ ਤੇ ਹੋਰਨਾਂ ਵੱਲੋਂ ਸਿਰਪਾਓ ਭੇੰਟ ਕਰਕੇ ਸਨਮਾਨ ਕੀਤਾ ਗਿਆ ।

ਇਸ ਪੈਦਲ ਯਾਤਰਾ ਵਿੱਚ ਹੋਰਨਾਂ ਤੋਂ ਬਿਨਾਂ ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਡਾਕਟਰ ਮਨੋਹਰ ਸਿੰਘ, ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਨਵੀ, ਕਾਂਗਰਸ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ ਤੇ ਸ਼ਹਿਰੀ ਪ੍ਰਧਾਨ ਧਰਮਪਾਲ ਥੰਮਣ,ਸਾਬਕਾ ਪੀਏ ਨੇਤਰ ਸਿੰਘ ਖਰੜ , ਹਰਮਿੰਦਰ ਸਿੰਘ ਲੱਕੀ , ਸਿਕੰਦਰ ਸਿੰਘ ਚੱਕਲਾਂ, ਨਰਿੰਦਰ ਸਿੰਘ ਮਾਵੀ ਸਾਬਕਾ ਚੇਅਰਮੈਨ, ਜਿਲਾ ਪਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਕੌਂਸਲਰ ਰਜੇਸ਼ ਕੁਮਾਰ ਸੀਸੋਦੀਆ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋ,ਹਰਜੋਤ ਸਿੰਘ ਢੰਗਰਾਲੀ , ਸੰਮਤੀ ਮੈਂਬਰ ਸੰਦੀਪ ਸਿੰਘ ਸੋਨੂ ਕੋਟਲਾ ਨਿਹੰਗ , ਠੇਕੇਦਾਰ ਬਲਵੀਰ ਸਿੰਘ ਲਾਲਾ, ਰਣਜੋਧ ਸਿੰਘ ਜੋਤੀ, ਇਕਬਾਲ ਸਿੰਘ ਡੂਮਛੇੜੀ ਅਤੇ ਗੁਰਦਾਸ ਸਿੰਘ ਦੁੱਮਣਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।