ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ: ਸਾਲ 2025 ਦਾ ਲੇਖਾ-ਜੋਖਾ

ਪੰਜਾਬ
  • ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟਰੀਜ਼ ਐਕਟ 2025’ ਨੂੰ ਮਨਜ਼ੂਰੀ ਦਿੱਤੀ; ਐਕਟ ਦਾ ਉਦੇਸ਼ ਜੰਗਲਾਤ ਹੇਠ ਰਕਬੇ ਵਿੱਚ ਵਾਧੇ ਨਾਲ ਵਾਤਾਵਰਣ ਸੰਤੁਲਨ ਨੂੰ ਕਾਇਮ ਰੱਖਣਾ
  • ਜੰਗਲਾਤ ਅਤੇ ਕੁਦਰਤ ਜਾਗਰੂਕਤਾ ਪਾਰਕ ਵੀ ਕੀਤੇ ਜਾ ਰਹੇ ਹਨ ਵਿਕਸਿਤ

ਚੰਡੀਗੜ੍ਹ, 21 ਦਸੰਬਰ: ਦੇਸ਼ ਕਲਿੱਕ ਬਿਊਰੋ –

ਸੂਬੇ ਭਰ ਵਿੱਚ ਜੰਗਲਾਤ ਹੇਠ ਰਕਬੇ ਵਿੱਚ ਵਾਧੇ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਉਦੇਸ਼ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸਾਲ 2025 ਦੌਰਾਨ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ।

ਇਨ੍ਹਾਂ ਨਿਵੇਕਲੀਆਂ ਪਹਿਲਕਦਮੀਆਂ ਵਿੱਚ 8 ਜੰਗਲਾਤ ਅਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਿਤ ਕਰਨਾ ਸ਼ਾਮਲ ਹੈ। ਇਨ੍ਹਾਂ ਵਿੱਚੋਂ ਗ੍ਰੀਨਿੰਗ ਪੰਜਾਬ ਮਿਸ਼ਨ ਤਹਿਤ ਚਾਰ ਪਾਰਕ ਪਠਾਨਕੋਟ ਵਿੱਚ, 2 ਪਟਿਆਲਾ ਵਿੱਚ ਅਤੇ 1-1 ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਠਾਨਕੋਟ ਵਿੱਚ ਪਿੰਡ ਘਰੋਟਾ ਵਿਖੇ 0.50 ਹੈਕਟੇਅਰ ‘ਚ, ਪਿੰਡ ਕਟਾਰੂਚੱਕ ਵਿਖੇ 0.75 ਹੈਕਟੇਅਰ ਰਕਬੇ ‘ਚ, ਹੈਬਤ ਪਿੰਡੀ ਵਿਖੇ 0.60 ਹੈਕਟੇਅਰ ਵਿੱਚ ਪੰਚਾਇਤੀ ਜ਼ਮੀਨ ‘ਤੇ ਅਤੇ ਆਈ.ਟੀ.ਆਈ. ਬਮਿਆਲ ਵਿਖੇ ਵਾਤਾਵਰਣ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਪਟਿਆਲਾ ਵਿੱਚ ਬੈਰਨ ਮਾਈਨਰ ਸਮੇਤ ਦੋ ਥਾਵਾਂ ‘ਤੇ ਵਾਤਾਵਰਣ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਪਿੰਡ ਜਗਦੇਵ ਕਲਾਂ ਵਿਖੇ ਵਾਤਾਵਰਣ ਪਾਰਕ ਬਣਾਇਆ ਜਾ ਰਿਹਾ ਹੈ ਜਦੋਂ ਕਿ ਹੁਸ਼ਿਆਰਪੁਰ ਦੇ ਬਸੀ ਪੁਰਾਣੀ ਵਿਖੇ ਇੱਕ ਵਣ ਚੇਤਨਾ ਪ੍ਰਗਤੀ ਅਧੀਨ ਹੈ।

ਹੈਬਤ ਪਿੰਡੀ ਵਿਖੇ ਪਾਰਕ ਦੇ ਸਬੰਧ ਵਿੱਚ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਦਾ ਕੰਮ ਪੂਰਾ ਹੋ ਗਿਆ ਹੈ ਜਦੋਂ ਕਿ ਝੂਲਿਆਂ ਅਤੇ ਓਪਨ ਏਅਰ ਸ਼ੈਲਟਰਾਂ (ਗਾਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ। ਘਰੋਟਾ ਵਿਖੇ ਵੀ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਦਾ ਕੰਮ ਪੂਰਾ ਹੋ ਗਿਆ ਹੈ ਜਦੋਂ ਕਿ ਝੂਲਿਆਂ ਅਤੇ ਓਪਨ ਏਅਰ ਸ਼ੈਲਟਰਾਂ (ਗਾਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ। ਪਿੰਡ ਕਟਾਰੂਚੱਕ ਵਿੱਚ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਅਤੇ ਝੂਲਿਆਂ ਦੀ ਸਥਾਪਨਾ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।

ਸੂਬਾ ਸਰਕਾਰ ਦਾ ਇਹ ਸੁਹਿਰਦ ਯਤਨ ਰਿਹਾ ਹੈ ਕਿ ਵੱਧ ਤੋਂ ਵੱਧ ਹਰਿਆਲੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵਾਤਾਵਰਣ ਦੀ ਸੰਭਾਲ ਲਈ ਉਪਾਅ ਕੀਤੇ ਜਾਣ। ਇਸ ਸਬੰਧ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨੇ ‘ਪੰਜਾਬ ਪ੍ਰੋਟੈਕਸ਼ਨ ਆਫ਼ ਟਰੀਜ਼ ਐਕਟ, 2025’ ਦਾ ਖਰੜਾ ਤਿਆਰ ਕੀਤਾ ਹੈ। ਜਿਸਦਾ ਉਦੇਸ਼ ਹਰਿਆ-ਭਰਿਆ ਕਵਰ ਬਰਕਰਾਰ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ।

ਇਹ ਐਕਟ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ਵਿੱਚ ਲਾਗੂ ਹੋਵੇਗਾ। ਐਕਟ ਅਨੁਸਾਰ, ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ ਕਿਸੇ ਵੀ ਸ਼ਹਿਰੀ ਵਿਕਾਸ ਅਥਾਰਟੀ/ਇਕਾਈਆ ਦੀਆਂ ਸੀਮਾਵਾਂ। ਇਸ ਵਿੱਚ ਇੱਕ ਟਰੀ ਅਫਸਰ ਦਾ ਵੀ ਉਪਬੰਧ ਹੈ ਜਿਸਦਾ ਅਰਥ ਹੈ ਪੰਜਾਬ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਇੱਕ ਕਾਰਜਕਾਰੀ ਅਫਸਰ ਜਾਂ ਸੂਬਾ ਸਰਕਾਰ ਵੱਲੋਂ ਨੋਟੀਫਾਈ ਕੀਤਾ ਕੋਈ ਹੋਰ ਅਧਿਕਾਰੀ।

ਇਸ ਐਕਟ ਨੂੰ ਵਿੱਤ ਵਿਭਾਗ ਵੱਲੋਂ ਮਿਲੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ 2025-26 ਦੌਰਾਨ ‘ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ’ ਤਹਿਤ ਹਰੇਕ ਜ਼ਿਲ੍ਹੇ ਵਿੱਚ ਵਣ ਮਹਾਂਉਤਸਵ ਮਨਾਉਣ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ 3.50 ਲੱਖ ਪੌਦੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ।

ਇਸ ਦੇ ਨਾਲ ਹੀ ‘ਸ੍ਰੀ ਗੁਰੂ ਤੇਗ਼ ਬਹਾਦਰ ਪਵਿੱਤਰ ਵਣ ਯੋਜਨਾ’ ਦੇ ਹਿੱਸੇ ਵਜੋਂ 52 ਪਵਿੱਤਰ ਵਣ ਵਿਕਸਿਤ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ 289 ਅਤੇ ਉਦਯੋਗਿਕ ਖੇਤਰਾਂ ਵਿੱਚ 83 ਨਾਨਕ ਬਗੀਚੀਆਂ ਵਿਕਸਿਤ ਕਰਨ ਦਾ ਸੰਕਲਪ ਵੀ ਲਿਆ ਗਿਆ।

ਇਸ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿਖੇ 1.33 ਕਰੋੜ ਰੁਪਏ ਦੀ ਲਾਗਤ ਨਾਲ ਵਾੜ ਕਰਨ ਦਾ ਕੰਮ ਮੁਕੰਮਲ ਕਰਨ ਦੇ ਨਾਲ-ਨਾਲ ਇਸਦੇ ਸੁੰਦਰੀਕਰਨ ਅਤੇ ਵੱਖ-ਵੱਖ ਸਹੂਲਤਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਪੂਰਾ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।