ਸਰਕਾਰੀ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਦਾ ਨਾਮ ਭਾਈ ਜੈਤਾ ਜੀ ਦੇ ਨਾਂ ਤੇ ਰੱਖਿਆ ਜਾਵੇਗਾ – ਈ.ਟੀ.ਓ

ਪੰਜਾਬ
  • ਭਾਈ ਜੈਤਾ ਜੀ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ
  • ਪਹਿਲੀ ਵਾਰ ਭਾਈ ਜੈਤਾ ਜੀ ਦਾ ਰਾਜ ਪੱਧਰੀ ਸਮਾਗਮ ਮਨਾਇਆ ਗਿਆ ਬਾਬਾ ਬਕਾਲਾ ਸਾਹਿਬ ਵਿਖੇ –ਵਿਧਾਇਕ ਟੌਂਗ

ਚੰਡੀਗੜ੍ਹ/ਅੰਮ੍ਰਿਤਸਰ 23 ਦਸੰਬਰ: ਦੇਸ਼ ਕਲਿੱਕ ਬਿਊਰੋ –

ਪੰਜਾਬ ਸਰਕਾਰ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਮਨਾਏ ਗਏ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਦਾ ਨਾਮ ਭਾਈ ਜੈਤਾ ਜੀ ਦੇ ਨਾਂ ਤੇ ਰੱਖਿਆ ਜਾਵੇਗਾ।

ਕੈਬਨਿਟ ਮੰਤਰੀ ਸ: ਈ.ਟੀ.ਓ. ਨੇ ਸਮਾਗਮ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੇ ਸਮਾਰਕ ਵਿਖੇ ਵਿਧਾਨ ਸਭਾ ਦਾ ਸ਼ੈਸ਼ਨ ਹੋਇਆ ਹੈ। ਉਨਾਂ ਕਿਹਾ ਕਿ ਬੜੇ ਮਾਨ ਵਾਲੀ ਗੱਲ ਹੈ ਕਿ ਮਾਨ ਸਰਕਾਰ ਵਲੋਂ 21 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਦਾ ਸਮਾਰਕ ਉਸਾਰਿਆ ਗਿਆ ਹੈ। ਉਨਾਂ ਕਿਹਾ ਕਿ ਭਾਈ ਜੈਤਾ ਜੀ ਇਕੋ ਇਕ ਸਿੱਖ ਸਨ ਜਿਨਾਂ ਦੇ ਦੋ ਨਾਮ ਦੋ ਗੁਰੂ ਸਾਹਿਬ ਨੇ ਰੱਖੇ, ਪਹਿਲਾ ਨਾਮ ਭਾਈ ਜੈਤਾ, ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਅਤੇ ਦੂਜਾ ਨਾਮ ਅੰਮ੍ਰਿਤ ਛਕਾਉਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਰੱਖਿਆ। ਸ: ਈ.ਟੀ.ਓ. ਨੇ ਭਾਈ ਜੈਤਾ ਜੀ ਦੇ ਜੀਵਨ ਤੋ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਸੰਨ 1675 ਈ: ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ “ਰੰਗਰੇਟਾ ਗੁਰੂ ਕਾ ਬੇਟਾ” ਦਾ ਖਿਤਾਬ ਦਿੱਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੌਜਵਾਨ ਪੀੜ੍ਹੀ ਨੂੰ ਸਹੀ ਰਸਤਾ ਦਿਖਾਉਣ ਲਈ ਗੁਰੂ ਸਾਹਿਬਾਨਾਂ ਵਲੋਂ ਕੀਤੇ ਗਏ ਕਾਰਜਾਂ ਤੋਂ ਜਾਣੂੰ ਕਰਵਾ ਰਹੀ ਹੈ ਅਤੇ ਇਸ ਲਈ ਸੂਬੇ ਭਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅਨੇਕਾਂ ਸਮਾਗਮ ਕਰਵਾਏ ਗਏ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੁਰੂ ਦੀ ਕੁਰਬਾਨੀ ਤੋਂ ਜਾਣੂੰ ਹੋ ਸਕੇ।

ਸਮਾਗਮ ਤੋਂ ਪਹਿਲਾਂ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਵੀ ਹੋਏ।

ਸਮਾਗਮ ਦੇ ਅੰਤ ਵਿੱਚ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਵਲੋਂ ਕੈਬਨਿਟ ਮੰਤਰੀ ਸ: ਈ.ਟੀ.ਓ. ਨੂੰ ਭਾਈ ਜੈਤਾ ਜੀ ਦਾ ਚਿੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ: ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਭਾਈ ਜੈਤਾ ਜੀ ਦਾ ਰਾਜ ਪੱਧਰੀ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਹੈ। ਉਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਨੇ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਹੈ। ਸ: ਟੌਂਗ ਨੇ ਕਿਹਾ ਕਿ ਭਾਈ ਜੈਤਾ ਜੀ ਵਰਗੀ ਸ਼ਹੀਦੀ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲ ਸਕਦੀ। ਉਨਾਂ ਦੱਸਿਆ ਕਿ ਭਾਈ ਜੈਤਾ ਜੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਵੀ ਬਹੁਤ ਮਾਹਰ ਸਨ। ਉਨਾਂ ਨੇ ਫਾਰਸੀ, ਉਰਦੂ ਅਤੇ ਸੰਸਕ੍ਰਿਤ ਵਾਰਗੀਆਂ ਭਾਸ਼ਾਵਾਂ ਦੇ ਵਿਦਵਾਨ ਹੋਣ ਦੇ ਨਾਲ ਨਾਲ ਬਹੁਤ ਵਧੀਆ ਕਵੀ ਵੀ ਸਨ। ਇਸ ਉਪਰੰਤ ਵਿਧਾਇਕ ਟੌਂਗ ਨੂੰ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਐਸ.ਸੀ. ਲੈਂਡ ਕਾਰਪੋਰੇਸ਼ਨ ਸ੍ਰੀ ਰਵਿੰਦਰ ਹੰਸ , ਡਿਪਟੀ ਕਮਿਸ਼ਨਰ ਸ: ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੈਡਮ ਅਮਨਦੀਪ ਕੌਰ, ਐਸ.ਡੀ.ਐਮ. ਸ: ਅਮਨਪ੍ਰੀਤ ਸਿੰਘ, ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਸ੍ਰੀ ਸਤਪਾਲ ਸੋਖੀ, ਮੈਡਮ ਸੁਹਿੰਦਰ ਕੌਰ, ਡਾ. ਇੰਦਰਪਾਲ ਸਿੰਘ, ਸੁਖਚੈਨ ਸਿੰਘ, ਮੈਡਮ ਸੁਨੈਨਾ ਰੰਧਾਵਾ, ਕਮਾਂਡੈਂਟ ਜਸਕਰਨ ਸਿੰਘ, ਸਤਨਾਮ ਸਿੰਘ ਮਠਾਰੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।