- ਬੰਦ ਕਮਰੇ ‘ਚ ਅੰਗੀਠੀ ਬਾਲ ਕੇ ਸੌਣਾ ਹੈ ਜਾਨਲੇਵਾ: ਡਾ.ਸਜੀਲਾ ਖਾਨ
- ਕਿਹਾ, ਸਵੇਰੇ ਅਤੇ ਰਾਤ ਨੂੰ ਸੰਘਣੀ ਧੁੰਦ ਕਾਰਨ ਸੈਰ ਕਰਨ ਤੋਂ ਕੀਤਾ ਜਾਵੇ ਪਰਹੇਜ
ਮਾਲੇਰਕੋਟਲਾ, 23 ਦਸੰਬਰ – ਦੇਸ਼ ਕਲਿੱਕ ਬਿਊਰੋ –
ਸ਼ੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫਰੌਸਟਬਾਈਟ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਢ ਤੋਂ ਸੁਰੱਖਿਅਤ ਰਹਿਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ। ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਨੇ ਦੱਸਿਆ ਕਿ ਸੂਬੇ ਵਿੱਚ ਸ਼ੀਤ ਲਹਿਰ ਸ਼ੁਰੂ ਹੋ ਗਈ ਅਤੇ ਸਰਦੀ ਦੇ ਮੌਸਮ ‘ਚ ਬਜ਼ੁਰਗ, ਗਰਭਵਤੀ ਔਰਤਾਂ, ਦਿਲ ਦੇ ਰੋਗੀ, ਛੋਟੇ ਬੱਚੇ ਅਤੇ ਜਿਆਦਾ ਸਮੇਂ ਤੋਂ ਬਿਮਾਰ ਵਿਅਕਤੀ ਵੱਧ ਪ੍ਰਭਾਵਿਤ ਹੁੰਦੇ ਹਨ। ਇਸ ਲਈ ਉਹ ਸਵੇਰ ਅਤੇ ਦੇਰ ਸ਼ਾਮ ਜਾਂ ਰਾਤ ਨੂੰ ਠੰਡ ਅਤੇ ਸੰਘਣੀ ਧੁੰਦ ਕਾਰਨ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰਨ।
ਉਨ੍ਹਾ ਕਿਹਾ ਕਿ ਸ਼ੀਤ ਲਹਿਰ ਦੇ ਗੰਭੀਰ ਸੰਪਰਕ ਨਾਲ ਹਾਈਪੋਥਰਮੀਆ ਹੋ ਸਕਦਾ ਹੈ, ਸਰੀਰਕ ਤਾਪਮਾਨ ਦੀ ਕਮੀ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ, ਸਾਹ ਲੈਣ ਵਿਚ ਔਖਿਆਈ ਹੋ ਸਕਦੀ ਹੈ। ਹਾਈਪੋਥਰਮੀਆ ਤੋਂ ਪੀੜਤ ਵਿਅਕਤੀ ਨੂੰ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਲੈਣੀ ਚਾਹੀਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਕਮਰਿਆਂ ਵਿੱਚ ਅੰਗੀਠੀ, ਲੱਕੜਾਂ ਆਦਿ ਨੂੰ ਨਾ ਜਲਾਉਣ ਕਿਉਂਕਿ ਇਸ ਨਾਲ ਕਮਰੇ ‘ਚ ਕਾਰਬਨ ਮੋਨੋਆਕਸਾਈਡ ਬਣਦੀ ਹੈ ਅਤੇ ਆਕਸੀਜ਼ਨ ਘੱਟ ਜਾਂਦੀ ਹੈ ਜੋ ਕਿ ਸਿਹਤ ਲਈ ਜਾਨਲੇਵਾ ਹੋ ਸਕਦੀ ਹੈ।
ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਕਿਹਾ ਕਿ ਸ਼ੀਤ ਲਹਿਰ ਦੌਰਾਨ ਲਾਪਰਵਾਹੀ ਘਾਤਕ ਸਾਬਿਤ ਹੋ ਸਕਦੀ ਹੈ ਇਸ ਲਈ ਠੰਡ ਵਿੱਚ ਆਪਣੀ ਖੁਰਾਕ ਵਿੱਚ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫ਼ੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਚਾਹੀਂਦਾ ਹੈ। ਸ਼ਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜੇ – ਥੋੜੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੁਰੀ ਤਰਾਂ ਸਰੀਰ ਢੱਕਣ ਵਾਲੇ ਗਰਮ ਕਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ।




