ਮੋਰਿੰਡਾ 25 ਦਸੰਬਰ (ਭਟੋਆ)
ਮੋਰਿੰਡਾ ਸਾਦਰ ਪੁਲਿਸ ਨੇ ਪਿੰਡ ਬਰਸਾਲਪੁਰ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਠੱਗਣ ਸਬੰਧੀ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਰਣਜੀਤ ਸਿੰਘ ਐਸਐਚਓ ਮੋਰਿੰਡਾ ਸਦਰ ਨੇ ਦੱਸਿਆ ਕਿ ਹਰਜੋਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਰਸਾਲਪੁਰ ਥਾਣਾ ਸ਼੍ਰੀ ਚਮਕੌਰ ਸਾਹਿਬ ਵੱਲੋਂ ਜੁਲਾਈ 2025 ਵਿੱਚ ਐਸਐਸਪੀ ਰੂਪਨਗਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਸਾਲ 2023 ਵਿੱਚ ਉਸ ਦੀ ਵਿਦੇਸ਼ ਜਾਣ ਸੰਬੰਧੀ ਮੋਰਿੰਡਾ ਦੇ ਬੱਸ ਸਟੈਂਡ ਨੇੜੇ ਟਰੈਵਲ ਏਜੰਟ ਦਾ ਕੰਮ ਕਰਦੇ ਰਣਜੀਤ ਸਿੰਘ ਨਾਲ ਗੱਲਬਾਤ ਹੋਈ ਸੀ, ਜਿਸ ਨੇ ਉਸ ਨੂੰ ਨਿਊਜ਼ੀਲੈਂਡ ਭੇਜਣ ਲਈ 12 ਲੱਖ ਰੁਪਏ ਦੀ ਮੰਗ ਕੀਤੀ ਸੀ ।
ਹਰਜੋਤ ਸਿੰਘ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਰਣਜੀਤ ਸਿੰਘ ਵੱਲੋਂ ਉਸਦਾ ਪਾਸਪੋਰਟ ਅਤੇ ਹੋਰ ਦਸਤਾਵੇਸ਼ ਉਸੇ ਸਮੇਂ ਆਪਣੇ ਕੋਲ ਰੱਖ ਲਏ ਸਨ ਅਤੇ ਉਸੇ ਦਿਨ ਉਸਨੇ 30 ਹਜਾਰ ਰੁਪਏ ਰਣਜੀਤ ਸਿੰਘ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਸਨ। ਜਿਸ ਤੋਂ ਬਾਅਦ ਉਸ ਵੱਲੋ ਵੱਖ ਵੱਖ ਸਮੇਂ ਤੇ ਰਣਜੀਤ ਸਿੰਘ ਦੇ ਬੈਂਕ ਖਾਤੇ ਵਿੱਚ ਦੋ ਵਾਰੀ 1,20,000 ਹੋਰ ਜਮਾ ਕਰਵਾਏ ਗਏ। ਹਰਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਰਣਜੀਤ ਸਿੰਘ ਵੱਲੋਂ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਹਰਜੋਤ ਸਿੰਘ ਨੇ ਪੁਲਿਸ ਤੋਂ ਦੋਸ਼ੀ ਟਰੈਵਲ ਏਜਟ ਖਿਲਾਫ ਸਖਤ ਕਾਰਵਾਈ ਕਰਨ ਅਤੇ ਉਸਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਹਰਜੋਤ ਸਿੰਘ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਡੀਐਸਪੀ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤੀ ਗਈ , ਜਿਨਾਂ ਦੀ ਪੜਤਾਲ ਦੇ ਅਧਾਰ ਤੇ ਡੀਏ ਲੀਗਲ ਦੀ ਰਾਏ ਲੈਣ ਅਤੇ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਉਪਰੰਤ ਰਣਜੀਤ ਸਿੰਘ ਪੁੱਤਰ ਨਾਰੰਗ ਸਿੰਘ ਪਿੰਡ ਲੁਹਾਰ ਮਾਜਰਾ ,ਥਾਣਾ ਖੇੜੀ ਨੌਧ ਸਿੰਘ, ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਉਸਦੇ ਸਾਥੀ ਪਵਨ ਕੁਮਾਰ ਨਿਵਾਸੀ ਪਿੰਡ ਹਾਜੀਪੁਰ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਖਿਲਾਫ ਮਨ ਵਿੱਚ ਧਾਰੀ ਪਹਿਲਾਂ ਤੋਂ ਹੀ ਬਦਨੀਤੀ ਅਨੁਸਾਰ ਅਤੇ ਲਾਲਚ ਵੱਸ ਹੋ ਕੇ ਸ਼ਿਕਾਇਤ ਕਰਤਾ ਹਰਜੋਤ ਸਿੰਘ ਨਾਲ ਸਿੱਧੇ ਤੌਰ ਤੇ ਧੋਖਾਦੇਹੀ ਤੇ ਜਾਲਸਾਜੀ ਕਰਨ ਦੇ ਦੋਸ਼ ਅਧੀਨ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।.




