ਪੰਜਾਬ ਭਵਨ ਕੈਨੇਡਾ ਦੀ ਅਗਵਾਈ ‘ਚ ਜ਼ਿਲ੍ਹਾ ਫਾਜ਼ਿਲਕਾ ਦੀ ਟੀਮਾਂ ਦਾ ਪੁਨਰਗਠਨ

ਪੰਜਾਬ
  • ਵਿਸ਼ਵ ਭਰ ‘ਚ ਇਸ ਦੀ ਲਾਮਬੰਦੀ ਲਈ ਮੁਹਿੰਮ ਨੂੰ ਹਾਈਟੈਕ ਬਣਾਇਆ ਜਾਵੇਗਾ
  • ਫਾਜ਼ਿਲਕਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਬਾਲ ਸਾਹਿਤ ਦੀ ਤੀਜੀ ਕਿਤਾਬ ਲਈ ਰਚਨਾਵਾਂ ਦੀ ਇਕੱਤਰਤਾ ਦੀ ਸ਼ੁਰੂਆਤ

ਫਾਜ਼ਿਲਕਾ, 28 ਦਸੰਬਰ : ਦੇਸ਼ ਕਲਿੱਕ ਬਿਊਰੋ :

ਵਿਸ਼ਵ ਭਰ ‘ਚ ਪੰਜਾਬੀ ਦੀਆਂ ਵੱਖ-ਵੱਖ ਵੰਨਗੀਆਂ ਦੇ ਪ੍ਰਚਾਰ ਤੇ ਪਸਾਰ ਨੂੰ ਲੈ ਕੇ ਲਾਮਬੰਦੀ ‘ਚ ਲੱਗੇ ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਪੰਜਾਬ ਭਵਨ ਕੈਨੇਡਾ ਦੇ ਮੁੱਖ ਸੰਚਾਲਕ ਸੁੱਖੀ ਬਾਠ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਅਤੇ ਸਾਹਿਤਕ ਰੁਚੀਆਂ ਨਾਲ ਜੋੜਨ ਲਈ ਲਗਾਤਾਰ ਯਤਨਾਂ ਦੀ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਇਸ ਮੁਹਿੰਮ ਨਾਲ ਆਪਣੀ ਮਾਂ ਬੋਲੀ ਤੇ ਵਿਰਸੇ ਸਬੰਧੀ ਚਿੰਤਾ ਰੱਖਣ ਵਾਲੇ ਵਰਗ ਨੂੰ ਜੋੜਿਆ ਜਾਵੇ ਤੇ ਉਨ੍ਹਾਂ ਦੀਆਂ ਸੇਵਾਵਾਂ ਤੇ ਸੁਝਾਵਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ।

ਸ. ਬਾਠ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀਆਂ ਬਾਲ ਸਾਹਿਤਕ ਕਾਨਫਰੰਸਾਂ ਸਮੇਤ ਦੋਵਾਂ ਦੇਸ਼ਾਂ ਦੇ ਬਾਲੜਿਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ‘ਚ ਪਰੋਣ ਤੇ ਇਸ ਮੁਹਿੰਮ ਨੂੰ ਪੰਜਾਬ ਭਵਨ ਕੈਨੇਡਾ ਦੀ ਅਗਵਾਈ ‘ਚ ਜਥੇਬੰਦਕ ਢਾਂਚੇ ਦਾ ਰੂਪ ਦੇਣ ਦੇ ਵੱਡੇ ਯਤਨ ਕਰਕੇ ਵਾਪਸ ਪਰਤਣ ਉਪਰੰਤ ਕੈਨੇਡਾ ‘ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਵਿਸਥਾਰ ‘ਚ ਦੱਸਿਆ ਪੰਜਾਬ ‘ਚ ਜਿਥੇ ਆਪਣੀ ਹੀ ਧਰਤੀ ‘ਤੇ ਮਾਂ ਬੋਲੀ ਨੂੰ ਖ਼ਤਰੇ ਵਰਗੇ ਤੌਖਲੇ ਪ੍ਰਗਟਾਏ ਜਾ ਰਹੇ ਹਨ, ਉਹ ਜਮੀਨੀ ਸੱਚਾਈ ਤੋਂ ਦੂਰ ਹਨ, ਕਿਉਂਕਿ ਪੰਜਾਬ ਦੇ ਸਕੂਲਾਂ ਤੋਂ ਹਜ਼ਾਰਾਂ ਬੱਚਿਆਂ ਵਲੋਂ ਸਾਹਿਤਕ ਰਚਨਾਵਾਂ ਲਿਖਣਾ ਤੇ ਬਾਲ ਕਾਨਫਰੰਸਾਂ ‘ਚ ਹਜ਼ਾਰਾਂ ਬੱਚਿਆਂ ਵਲੋਂ ਸ਼ਮੂਲੀਅਤ ਕਰਨਾ ਇਸ ਡਰ ਨੂੰ ਲੋਕ ਮਨਾਂ ‘ਚੋਂ ਦੂਰ ਕਰਦਾ ਸੱਚ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ‘ਨਵੀਂਆਂ ਕਲਮਾਂ, ਨਵੀਂ ਉਡਾਣ’ ਮੁਹਿੰਮ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਵੀ ਅੱਗੇ ਵੱਧ ਚੁੱਕੀ ਹੈ।

ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਭਵਨ ਕੈਨੇਡਾ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਤਰਨਦੀਪ ਸਿੰਘ ਮੁੱਖ ਸੰਪਾਦਕ ਭਾਗ-3 (ਨਵੀਆਂ ਕਲਮਾਂ ਨਵੀਂ ਉਡਾਣ) ਵਤਨ ਸਿੰਘ ਸੰਧੂ ਸਹਿ-ਸੰਪਾਦਕ ,ਸੋਨੀਆ ਬਜਾਜ ਜ਼ਿਲ੍ਹਾ ਪ੍ਰਧਾਨ, ਸਿਮਲਜੀਤ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਨੀਤੂ ਬਾਲਾ, ਮਨੀਸ਼ ਕੁਮਾਰ, ਸੁਨੀਤਾ ਕੰਬੋਜ, ਸੁਰਿੰਦਰ ਸਿੰਘ ਸਾਮਾ ਅਤੇ ਪੁਸ਼ਪਾ ਰਾਣੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮ ਜ਼ਿਲ੍ਹਾ ਪੱਧਰ ‘ਤੇ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ, ਰਚਨਾਵਾਂ ਇਕੱਠੀਆਂ ਕਰਨ ਅਤੇ ਬਾਲ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਸੁੱਖੀ ਬਾਠ ਨੇ ਦੱਸਿਆ ਕਿ ਵਿਸ਼ਵ ਪੱਧਰ ‘ਤੇ ਇਸ ਮੁਹਿੰਮ ਨੂੰ ਲਾਮਬੰਦ ਕਰਨ ਲਈ ਇਸ ਨੂੰ ਹਾਈਟੈਕ ਬਣਾਇਆ ਜਾਵੇਗਾ, ਜਿਸ ਨਾਲ ਆਨਲਾਈਨ ਪਲੇਟਫਾਰਮਾਂ ਰਾਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਜੋੜਿਆ ਜਾ ਸਕੇਗਾ। ਨਾਲ ਹੀ, ਫਾਜ਼ਿਲਕਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਬਾਲ ਸਾਹਿਤ ਦੀ ਤੀਜੀ ਕਿਤਾਬ ਲਈ ਰਚਨਾਵਾਂ ਇਕੱਠੀਆਂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਜੁੜ ਕੇ ਮਾਂ ਬੋਲੀ ਦੇ ਪ੍ਰਚਾਰ ਵਿੱਚ ਯੋਗਦਾਨ ਪਾਉਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।