- ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਅਰਵਿੰਦਰ ਸਿੰਘ ਦੀ ਸ਼ਲਾਘਾ
ਚੰਡੀਗੜ੍ਹ, 31 ਦਸੰਬਰ: ਦੇਸ਼ ਕਲਿੱਕ ਬਿਊਰੋ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ, ਜੋ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਸੇਵਾਕਾਲ ਤੋਂ ਬਾਅਦ ਅੱਜ ਸੇਵਾਮੁਕਤ ਹੋਏ ਹਨ। ਵਿਭਾਗ ਨਾਲ ਅਰਵਿੰਦਰ ਸਿੰਘ ਦਾ ਸਫ਼ਰ 9 ਅਗਸਤ, 1993 ਨੂੰ ਸ਼ੁਰੂ ਹੋਇਆ ਸੀ, ਜਦੋਂ ਉਹ ਇੱਕ ਜੂਨੀਅਰ ਫੋਟੋਗ੍ਰਾਫਰ ਵਜੋਂ ਭਰਤੀ ਹੋਏ ਸਨ। ਇੰਨੇ ਸਾਲਾਂ ਦੇ ਸਮਰਪਣ, ਤਕਨੀਕੀ ਮੁਹਾਰਤ ਅਤੇ ਫੋਟੋਗ੍ਰਾਫੀ ਲਈ ਜਨੂੰਨ ਨੇ ਉਨ੍ਹਾਂ ਨੂੰ ਕਈ ਵੱਡੀਆਂ ਅਤੇ ਮੁੱਖ ਭੂਮਿਕਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੁਨਰ ਅਤੇ ਸਖ਼ਤ ਮਿਹਨਤ ਸਦਕਾ ਸਾਲ 2001 ਵਿੱਚ ਸੀਨੀਅਰ ਫੋਟੋਗ੍ਰਾਫਰ ਵਜੋਂ ਪਦਉੱਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਹਾਲ ਹੀ ਵਿੱਚ ਫੋਟੋ ਸਿਨੇਮਾ ਅਫ਼ਸਰ ਵਜੋਂ ਤਰੱਕੀ ਵੀ ਮਿਲੀ।ਆਪਣੇ ਕਾਰਜਕਾਲ ਦੌਰਾਨ ਸ. ਅਰਵਿੰਦਰ ਸਿੰਘ ਨੇ ਕਈ ਵੱਡੇ ਅਤੇ ਅਹਿਮ ਸਰਕਾਰੀ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰ ਅਤੇ ਕਈ ਹੋਰ ਸਮਾਗਮਾਂ ਚ ਡਿਊਟੀ ਕਰਦਿਆਂ ਸ਼ਾਨਦਾਰ ਭੂਮਿਕਾ ਨਿਭਾਈ ।
ਵਿਭਾਗ ਵੱਲੋਂ ਸ. ਅਰਵਿੰਦਰ ਸਿੰਘ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਸੇਵਾਮੁਕਤੀ ਸਮਾਰੋਹ ਰੱਖਿਆ ਗਿਆ ਸੀ, ਜਿਸ ਵਿੱਚ ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜਾਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਪ੍ਰੀਤ ਕੰਵਲ ਸਿੰਘ ਅਤੇ ਮਨਵਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਅਰਵਿੰਦਰ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮੂਹ ਬੁਲਾਰਿਆਂ ਨੇ ਵਿਭਾਗ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਲੋਕ ਸੰਪਰਕ ਅਧਿਕਾਰੀ ਇਕਬਾਲ ਸਿੰਘ ਬਰਾੜ ਨੇ ਕੀਤਾ।




