- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 62000 ਤੋਂ ਵੱਧ
ਚੰਡੀਗੜ੍ਹ, 6 ਜਨਵਰੀ: ਦੇਸ਼ ਕਲਿੱਕ ਬਿਊਰੋ:
ਸੂਬੇ ਦੇ ਜੰਗਲੀ ਜੀਵਾਂ ਬਾਰੇ ਜਾਣਨ ਦੀ ਵਿਦਿਆਰਥੀਆਂ ਦੀ ਤੀਬਰ ਇੱਛਾ ਅਤੇ ਵਧਦੀ ਦਿਲਚਸਪੀ ਨੂੰ ਦੇਖਦਿਆਂ ਛੱਤਬੀੜ ਚਿੜੀਆਘਰ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ ਹੈ। ਜਨਵਰੀ ਤੋਂ ਦਸੰਬਰ 2025 ਤੱਕ 5 ਲੱਖ ਤੋਂ ਵੱਧ ਲੋਕ ਛੱਤਬੀੜ ਚਿੜੀਆਘਰ ਦਾ ਦੌਰਾ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 62 ਹਜ਼ਾਰ ਤੋਂ ਵੱਧ ਹੈ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤੇ ਗਏ ਅਨੇਕਾਂ ਉਪਰਾਲਿਆਂ ਸਦਕਾ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮਹਿੰਦਰ ਚੌਧਰੀ ਜ਼ੂਓਲੌਜੀਕਲ ਪਾਰਕ, ਜਿਸਨੂੰ ਛੱਤਬੀੜ ਚਿੜੀਆਘਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਦੌਰਾ ਕੀਤਾ ਹੈ।
ਦੱਸਣਯੋਗ ਹੈ ਕਿ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਦੇ 18000 ਤੋਂ ਵੱਧ ਅਤੇ ਪ੍ਰਾਈਵੇਟ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 16000 ਤੋਂ ਵੱਧ ਸੀ।
ਇਹ ਵੱਡੀ ਗਿਣਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਸੂਬੇ ਦੇ ਜੰਗਲੀ ਜੀਵਾਂ ਤੋਂ ਇਲਾਵਾ ਵਿਭਿੰਨ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਵਧ ਰਹੀ ਉਤਸੁਕਤਾ ਅਤੇ ਸੂਬਾ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਕਰਨ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਜੰਗਲੀ ਜੀਵ ਵੀ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ।
ਇਹ ਵੀ ਜ਼ਿਕਰਯੋਗ ਹੈ ਕਿ 1977 ਵਿੱਚ ਵਜੂਦ ਵਿੱਚ ਆਏ ਚਿੜੀਆਘਰ ਛੱਤਬੀੜ ਵਿਖੇ ਸਮੇਂ ਸਮੇਂ ਸਿਰ ਲੋਕਾਂ ਵਿੱਚ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਖੂਨਦਾਨ ਕੈਂਪ, ਦੌੜ ਮੁਕਾਬਲਾ (ਰਨ ਫਾਰ ਵਾਈਲਡ), ਜੂ ਐਜੂਕੇਸ਼ਨ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਨਾਲ ਬੱਚਿਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਜੰਗਲੀ ਜੀਵਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।
ਚਿੜੀਆਘਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ (ਬਹੁਤ ਵੱਡਾ ਪਿੰਜਰਾ ਜਿੱਥੇ ਸੈਲਾਨੀ ਪੰਛੀਆਂ ਨੂੰ ਦੇਖ ਸਕਦੇ ਹਨ) ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਬਣਾਇਆ ਗਿਆ ਹੈ। ਲਗਭਗ 1200 ਮੀਟਰ ਦੇ ਵਾਈਲਡਲਾਈਫ ਸਫ਼ਾਰੀ ਖੇਤਰ ਵਿੱਚ, 260 ਕੇ.ਵੀ. ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੇ ਨਾਲ-ਨਾਲ ਚਾਰ ਦੀਵਾਰੀ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ।
ਸ਼ੇਰ ਸਫਾਰੀ ਵਿਖੇ ਮਾਸਾਹਾਰੀ ਜਾਨਵਰਾਂ ਲਈ ਇੱਕ ਮਹੱਤਵਪੂਰਨ ਦੇਖਭਾਲ ਕੇਂਦਰ ਦੀ ਉਸਾਰੀ ਵੀ ਕੀਤੀ ਗਈ ਹੈ ਅਤੇ ਸੈਲਾਨੀਆਂ, ਖਾਸ ਕਰਕੇ ਸਕੂਲੀ ਬੱਚਿਆਂ, ਦੀ ਸਹਾਇਤਾ ਲਈ ਇੱਕ ਓਪਨ ਏਅਰ ਜ਼ੂ ਐਜੂਕੇਸ਼ਨ ਪਲਾਜ਼ਾ ਵੀ ਬਣਾਇਆ ਗਿਆ ਹੈ।



