ਅਜਨਾਲਾ, 7 ਜਨਵਰੀ: ਦੇਸ਼ ਕਲਿੱਕ ਬਿਊਰੋ:
ਪੰਜਾਬ ਪੁਲਿਸ ਨੇ ਹਥਿਆਰਾਂ ਦੀ ਨੁਮਾਇਸ਼ ਕਰਨ ‘ਤੇ ਪੰਜਾਬੀ ਗਾਇਕ ਰੰਮੀ ਰੰਧਾਵਾ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਅਸਲ ‘ਚ ਰੰਮੀ ਰੰਧਾਵਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਹਥਿਆਰ ਦਿਖਾਏ ਗਏ ਹਨ। ਜਦੋਂ ਪੁਲਿਸ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਜਾਂਚ ‘ਚ ਇਹ ਗੱਲ ਸਹੀ ਪਾਈ ਗਈ ,ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਰੰਮੀ ਰੰਧਾਵਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਰੰਮੀ ਰੰਧਾਵਾ ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਹਾਲਾਂਕਿ ਪਰਚਾ ਦਰਜ ਹੋਣ ਤੋਂ ਬਾਅਦ ਅਜੇ ਤੱਕ ਵੀ ਇਸ ਮਾਮਲੇ ਵਿੱਚ ਰੰਮੀ ਰੰਧਾਵਾ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਪੋਸਟ ਵਿੱਚ ਰੰਮੀ ਰੰਧਾਵਾ ਨੇ ਹਥਿਆਰਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਸੀ, “ਮੇਰੇ ਸੌਂਦਾ ਏ ਨਾਲ ਸਿਰਹਾਣੇ ਦੇ ਇੱਕ ਇਤਿਹਾਸ ਤੇ ਦੂਜਾ ਕਾਲ ਕੁੜੇ। ਰੰਮੀ ਰੰਧਾਵਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਕਿ ਸਰਦਾਰੀਆ ਮਿਲਦੀਆਂ ਸਿਰ ਦੇ ਕੇ ਸਰਦਾਰ ਕਹਾਉਣਾ ਸੌਖਾ ਨਹੀਂ। ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਏਐਸਆਈ ਕਵਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਹੈ।



