ਚੰਡੀਗੜ੍ਹ, 8 ਜਨਵਰੀ: ਦੇਸ਼ ਕਲਿੱਕ ਬਿਊਰੋ:
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ 15 ਜਨਵਰੀ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਤਾਂ ਉਨ੍ਹਾਂ ਦੀ ਇਸ ਪੇਸ਼ੀ ਦਾ ਸਾਰੇ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਹੋਵੇ।
ਇਸ ਸੰਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘X’ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ- ਕਿਤਾਬ ਲੈ ਕੇ ਜਾਵਾਂਗੇ..ਸਾਰੇ ਚੈਨਲਾਂ ਤੇ live telecast ਹੋਣਾ ਚਾਹੀਦੈ..ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ..ਮਿਲਦੇ ਹਾਂ ਜੀ 15 ਜਨਵਰੀ ਨੂੰ ..ਸਬੂਤਾਂ ਸਮੇਤ”
ਜ਼ਿਕਰਯੋਗ ਹੈ ਕਿ ਸਿੱਖ ਧਰਮ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਅਕਾਲ ਤਖ਼ਤ ਵਿਖੇ ਪੇਸ਼ ਹੋਣਗੇ।



