ਅੰਮ੍ਰਿਤਸਰ ਤੋਂ 40 ਕਿਲੋ ਹੈਰੋਇਨ ਦੀ ਖੇਪ ਬਰਾਮਦ, ਚਾਰ ਕਾਬੂ

ਪੰਜਾਬ
  • ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਆਪਣੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ: ਡੀਜੀਪੀ ਗੌਰਵ ਯਾਦਵ
  • ਹੈਰੋਇਨ ਦੀ ਵੱਡੀ ਖੇਪ ਸੂਬੇ ਭਰ ਵਿੱਚ ਕੀਤੀ ਜਾਣੀ ਸੀ ਸਪਲਾਈ*

ਚੰਡੀਗੜ੍ਹ/ਅੰਮ੍ਰਿਤਸਰ, 15 ਜਨਵਰੀ: ਦੇਸ਼ ਕਲਿੱਕ ਬਿਊਰੋ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਨਾਰਕੋਟਿਕ ਤਸਕਰੀ ਮਾਡਿਊਲ ਦੇ ਚਾਰ ਸੰਚਾਲਕਾਂ ਨੂੰ 40 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੰਜਾਬ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

ਇਹਨਾਂ ਫੜੇ ਗਏ ਵਿਅਕਤੀਆਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨੰਨੀ, ਸੂਰਜ, ਜੈਕਬ ਮਸੀਹ ਅਤੇ ਅਜੇ ਕੁਮਾਰ ਉਰਫ਼ ਰਵੀ, ਸਾਰੇ ਵਾਸੀ ਕੋਟ ਈਸੇ ਖਾਂ ਮੋਗਾ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਨਸ਼ਿਆਂ ਦੀ ਖੇਪ ਲੈ ਜਾਣ ਲਈ ਵਰਤੀਆਂ ਜਾ ਰਹੀਆਂ ਕਾਰਾਂ ਟੋਇਟਾ ਕੋਰੋਲਾ ਐਲਟਿਸ (ਰਜਿਸਟ੍ਰੇਸ਼ਨ ਨੰਬਰ ਪੀ.ਬੀ.03ਏ.ਕੇ.1810) ਅਤੇ ਬੀ.ਐਮ.ਡਬਲਯੂ. (ਰਜਿਸਟ੍ਰੇਸ਼ਨ ਨੰਬਰ ਯੂ.ਪੀ.14 ਸੀ.ਜੇ.4646) ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਹੈਰੋਇਨ ਦੀ ਵੱਡੀ ਖੇਪ ਆਪਣੇ ਹੈਂਡਲਰ, ਜੋ ਕਿ ਨਸ਼ਾ ਤਸਕਰ ਹੈ, ਦੇ ਨਿਰਦੇਸ਼ਾਂ ‘ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਨ ਲਈ ਪ੍ਰਾਪਤ ਕੀਤੀ ਸੀ।

ਜਾਣਕਾਰੀ ਅਨੁਸਾਰ ਸੀ.ਆਈ.ਅੰਮ੍ਰਿਤਸਰ ਨੂੰ ਖਾਸ ਸੂਚਨਾ ਮਿਲੀ ਸੀ ਕਿ ਇੱਕ ਨਾਮੀ ਨਸ਼ਾ ਤਸਕਰ, ਜੋ ਕਿ ਭਗੌੜਾ ਵੀ ਹੈ, ਆਪਣੇ ਸਾਥੀਆਂ ਦੀ ਮਦਦ ਨਸ਼ਾ ਤਸਕਰੀ ਨੈਟਵਰਕ ਚਲਾ ਰਿਹਾ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਉਸ ਦੇ ਸਾਥੀ ਹੈਰੋਇਨ ਦੀ ਵੱਡੀ ਖੇਪ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਆਏ ਸਨ।

ਡੀ.ਜੀ.ਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੰਮ੍ਰਿਤਸਰ-ਤਰਨਤਾਰਨ ਹਾਈਵੇਅ ‘ਤੇ ਨਾਕਾ ਲਗਾਇਆ ਅਤੇ ਡੀਪੀਐਸ ਸਕੂਲ, ਅੰਮ੍ਰਿਤਸਰ ਨੇੜੇ ਨਰਿੰਦਰ ਸਿੰਘ ਉਰਫ਼ ਨੰਨੀ, ਸੂਰਜ, ਜੈਕਬ ਮਸੀਹ ਅਤੇ ਅਜੈ ਕੁਮਾਰ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 40 ਕਿਲੋ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਅਤੇ ਸਮੁੱਚੀ ਸਪਲਾਈ ਚੇਨ, ਜਿਸ ਦੇ ਅੰਤਰ-ਸਰਹੱਦੀ ਕਨੈਕਸ਼ਨ ਹੋਣ ਦੀ ਸੰਭਾਵਨਾ ਹੈ, ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਕੇਸ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐੱਫ.ਆਈ.ਆਰ ਨੰਬਰ 1 ਮਿਤੀ 14-01-2026 ਨੂੰ ਦਰਜ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।