- ਪ੍ਰੀਖਿਆ ਪਾਸ ਕਰਨ ਵਾਲੇ ਮੁਲਾਜ਼ਮਾਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਿੱਤੀ ਵਧਾਈ
ਮਲਾਗਰ ਖਮਾਣੋਂ (ਫ਼ਤਹਿਗੜ੍ਹ ਸਾਹਿਬ) ,15 ਜਨਵਰੀ : ਦੇਸ਼ ਕਲਿੱਕ ਬਿਊਰੋ:
ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਅਮਲਾ ਰੈਗੂਲਰ ਫੀਲਡ ਦਰਜਾ ਚਾਰ( ਹੈਲਪਰ ਟੈਕਨੀਕਲ) ਤੋਂ ਦਰਜਾ ਤਿੰਨ ਜੂਨੀਅਰ ਟੈਕਨੀਸ਼ੀਅਨ ਦੀ ਤਰੱਕੀ ਲਈ ਅਨਕੁਆਲੀਫਾਈਡ ਫੀਲਡ ਮੁਲਾਜ਼ਮਾਂ ਤੋਂ ਵਿਭਾਗੀ ਪ੍ਰੀਖਿਆ 2025- 26 ਲਈ ਗਈ ਸੀ। ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਰਨੀਤ ਗਰਗ ਨੇ ਦੱਸਿਆ ਕਿ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਪਈਆਂ ਸਨ ,ਨੂੰ ਤਰੱਕੀਆਂ ਦੇਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗੀ ਕਮੇਟੀ ਦੇ ਚੇਅਰਮੈਨ ਨਿਗਰਾਨ ਇੰਜੀਨੀਅਰ ਸਰਕਲ ਚੰਡੀਗੜ੍ਹ ਦੀ ਨਿਗਰਾਨੀ ਹੇਠ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਐਸ,ਏ ਐਸ ਨਗਰ ਮੋਹਾਲੀ ਵਿਖੇ ਲਈ ਗਈ ਸੀ।
ਇਸ ਪ੍ਰੀਖਿਆ ਲਈ 390 ਮੁਲਾਜ਼ਮਾਂ ਨੇ ਬਿਨੇ ਪੱਤਰ ਦਿੱਤੇ ਸਨ ।ਜਿਸ ਵਿੱਚੋਂ 334 ਨੇ ਪ੍ਰੀਖਿਆ ਵਿੱਚ ਭਾਗ ਲਿਆ ,ਜਿਸ ਵਿੱਚੋਂ 322 ਮੁਲਾਜ਼ਮ ਪਾਸ ਹੋਏ, 12 ਮੁਲਾਜ਼ਮ ਇਸ ਵਿਭਾਗੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਅਤੇ 56 ਮੁਲਾਜ਼ਮ ਵਿਭਾਗੀ ਪ੍ਰੀਖਿਆ ਚੋਂ ਗੈਰ ਹਾਜ਼ਰ ਸਨ। ਇਹ ਨਤੀਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਪ੍ਰਵਾਨਗੀ ਉਪਰੰਤ ਸਮੂਹ ਨਿਗਰਾਨ ਇੰਜੀਨੀਅਰਾਂ ਨੂੰ ਭੇਜ ਦਿੱਤਾ ਗਿਆ ਹੈ ,ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵਿਭਾਗੀ ਪ੍ਰੀਖਿਆ ਪਾਸ ਕਰ ਗਏ ਫੀਲਡ ਮੁਲਾਜ਼ਮਾਂ ਨੂੰ ਵਧਾਈ ਦਿੱਤੀ, ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਪੰਜਾਬ ਦੇ ਹਰ ਪਰਿਵਾਰ ਨੂੰ ਪ੍ਰਤੀ ਜੀ 10 ਲੱਖ ਦੇ ਸਿਹਤ ਬੀਮੇ ਤਹਿਤ ਕਵਰ ਕਰਕੇ ਮਿਸਾਲ ਪੇਸ਼ ਕੀਤੀ ਹੈ ਉੱਥੇ ਹੀ ਦਰਜਾ ਚਾਰ ਮੁਲਾਜ਼ਮਾਂ ਨੂੰ ਤਰੱਕੀਆਂ ਦੇ ਮੌਕੇ ਦਿੱਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਛੇਤੀ ਹੀ ਪ੍ਰੀਖਿਆ ਪਾਸ ਕਰ ਚੁੱਕੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ,ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਮੁਲਾਜ਼ਮਾਂ ਨੂੰ ਤਰੱਕੀ ਦੇ ਮੌਕੇਂ ਦੇਣ ਲਈ ਉਪਰਾਲੇ ਕਰ ਰਹੀ ਹੈ। ਇਸ ਮੌਕੇ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿੱਕਰ ਸਿੰਘ ਮਾਖਾ, ਸੁਖਨਿੰਦਰ ਸਿੰਘ ਮੈਣੀਆ ਨੇ ਸਮੁੱਚੇ ਮੁਲਾਜ਼ਮਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ 2017 ਤੋਂ ਦਰਜਾ ਚਾਰ ਮੁਲਾਜ਼ਮਾਂ ਦਾ ਪ੍ਰਮੋਸ਼ਨ ਚੈਨਲ ਰੁਕਿਆ ਹੋਇਆ ਸੀ ਪਿਛਲੇ ਅੱਠ ਸਾਲਾਂ ਤੋਂ ਸੈਂਕੜੇ ਪੋਸਟਾਂ ਖਾਲੀ ਪਈਆਂ ਹਨ। ਇਹਨਾਂ ਮੰਗ ਕੀਤੀ ਕਿ ਸਮੁੱਚੇ 334 ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ ਅਤੇ ਜੋ ਮੁਲਾਜ਼ਮ ਬਿਲਕੁਲ ਹੀ ਅਨਪੜ ਹਨ ਉਹਨਾਂ ਨੂੰ ਵੀ ਤਜਰਬੇ ਦੇ ਆਧਾਰ ਤੇ ਪ੍ਰਮੋਟ ਕੀਤਾ ਜਾਵੇ।



