- ਸੰਗਰੂਰ ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ; ਦੋ ਦੋਸ਼ੀ ਕਾਬੂ
- ਚੋਰੀ ਦੇ ਸਾਮਾਨ ਦੀ ਵੰਡ ਨੂੰ ਲੈ ਕੇ ਕੀਤਾ ਸਾਥੀ ਦਾ ਕਤਲ: ਐਸ.ਐਸ.ਪੀ
ਸੰਗਰੂਰ, 16 ਜਨਵਰੀ: ਦੇਸ਼ ਕਲਿੱਕ ਬਿਊਰੋ:
ਸੰਗਰੂਰ ਪੁਲੀਸ ਨੇ ਬੀਤੀ 11 ਜਨਵਰੀ ਨੂੰ ਧੂਰੀ ਖੇਤਰ ‘ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਲਾਈਨ ਸੰਗਰੂਰ ਵਿਖੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਹ ਕਤਲ ਦੋ ਵਿਅਕਤੀਆਂ ਵੱਲੋਂ ਆਪਣੇ ਤੀਜੇ ਸਾਥੀ ਨਾਲ ਚੋਰੀ ਦੇ ਸਮਾਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਕਾਰਨ ਹੋਇਆ ਸੀ।
ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 11 ਜਨਵਰੀ 2026 ਨੂੰ ਪੁਲੀਸ ਨੂੰ ਸੂਚਨਾ ਮਿਲੀ ਕਿ ਖੇਤਾਂ ਨੂੰ ਜਾਂਦੇ ਰਸਤੇ ‘ਤੇ ਇੱਕ ਅਣਪਛਾਤਾ ਵਿਅਕਤੀ ਬੇਸੁੱਧ ਹਾਲਤ ਵਿੱਚ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਦੇ ਸਿਰ ਉੱਤੇ ਸੱਟਾਂ ਸਨ ਤੇ ਮੂੰਹ ਵਿੱਚੋਂ ਖ਼ੂਨ ਨਿਕਲਿਆ ਹੋਇਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 11.01.2026 ਅ/ਧ 103, 3 (5) ਬੀ.ਐਨ.ਐਸ.ਥਾਣਾ ਸਦਰ ਧੂਰੀ ਬਰਖ਼ਿਲਾਫ਼ ਨਾਮਾਲੂਮ ਵਿਅਕਤੀ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਕੇਸ ਨੂੰ ਟਰੇਸ ਕਰਨ ਲਈ ਐਸ.ਪੀ. (ਡੀ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਡੀ.ਐਸ.ਪੀ. (ਡੀ) ਦਲਜੀਤ ਸਿੰਘ ਵਿਰਕ ਅਤੇ ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ ਧੂਰੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਅਤੇ ਇੰਚਾਰਜ ਸੀ.ਆਈ.ਏ ਸੰਗਰੂਰ ਇੰਸਪੈਕਟਰ ਸੰਦੀਪ ਸਿੰਘ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 15 ਜਨਵਰੀ ਨੂੰ ਰਾਤ ਸਮੇਂ ਐਸ.ਆਈ ਸੁਰਜੀਤ ਸਿੰਘ ਸਾਥੀਆਂ ਸਮੇਤ ਬੱਸ ਅੱਡਾ ਬੱਬਨਪੁਰ ਕੋਲ ਗਸ਼ਤ ਕਰ ਰਹੇ ਸਨ, ਤਾਂ ਪਿੰਡ ਬੱਬਨਪੁਰ ਵੱਲੋਂ ਦੋ ਵਿਅਕਤੀ ਮੁੱਖ ਸੜਕ ਤੇ ਚੜ੍ਹਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੀਆਂ ਕੇਬਲ ਤਾਰਾਂ ਅਤੇ ਚਾਕੂ ਬਰਾਮਦ ਹੋਏ, ਜਿਨ੍ਹਾਂ ਨੇ ਆਪਣਾ ਨਾਮ ਲਖਨਹੀਰਾ ਪੁੱਤਰ ਖੀਰੋ ਹੀਰਾ ਵਾਸੀ ਵਿਸ਼ਵਕਰਮਾ ਚੌਂਕ ਮਿਲਰਗੰਜ ਲੁਧਿਆਣਾ ਅਤੇ ਬਿਹਾਰੀ ਸਾਵ ਪੁੱਤਰ ਵਿਕਾਊ ਸਾਵ ਵਾਸੀ ਗਲੀ ਨੰਬਰ 5, ਮਨਜੀਤ ਨਗਰ ਲੁਧਿਆਣਾ ਦੱਸਿਆ ਤੇ ਮੋਟਰਾਂ ਤੋਂ ਤਾਰਾਂ ਚੋਰੀ ਕਰਨੀਆਂ ਮੰਨੀਆਂ। ਜਿਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 18 ਮਿਤੀ 15.01.2026 ਅ/ਧ 112,303(2),317(2) BNS ਥਾਣਾ ਸਦਰ ਧੂਰੀ ਦਰਜ ਕਰਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛ-ਗਿੱਛ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਦੋਵੇਂ ਅਤੇ ਸੁਭਾਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਉਤਰ ਪ੍ਰਦੇਸ਼ ਮੌਜੂਦਾ ਪਤਾ ਦਾਣਾ ਮੰਡੀ, ਜਲੰਧਰ ਬਾਈਪਾਸ, ਲੁਧਿਆਣਾ ਚੋਰੀਆਂ ਕਰਨ ਦੇ ਆਦੀ ਹਨ। ਜੋ ਤਿੰਨੋ ਜਣੇ ਮਿਤੀ 10.01.2026 ਨੂੰ ਲੁਧਿਆਣਾ ਤੋਂ ਇਕੱਠੇ ਹੋ ਕੇ ਬੱਸ ਰਾਹੀਂ ਧੂਰੀ ਦੇ ਖੇਤਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ। ਜਿਨ੍ਹਾਂ ਨੇ ਮਿਤੀ 10/11 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਜੋਮਾਜਰਾ ਵਿੱਚ ਚੋਰੀ ਕੀਤੀ ਸੀ, ਜਿਨ੍ਹਾਂ ਦਾ ਹਿੱਸਾ ਵੰਡਣ ’ਤੇ ਆਪਸ ਵਿੱਚ ਝਗੜਾ ਹੋ ਗਿਆ ਸੀ। ਝਗੜੇ ਦੌਰਾਨ ਦੋਸ਼ੀ ਲਖਨਹੀਰਾ ਅਤੇ ਬਿਹਾਰੀ ਸਾਵ ਨੇ ਗ਼ੁੱਸੇ ਵਿੱਚ ਆ ਕੇ ਮੌਕਾ ਤੋਂ ਮਿਲੇ ਲੋਹੇ ਦੇ ਪਾਈਪ ਨਾਲ ਸੁਭਾਸ਼ ਕੁਮਾਰ ਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ, ਉਸ ਦੀ ਲਾਸ਼ ਮੌਕਾ ’ਤੇ ਛੱਡ ਕੇ ਵਾਰਦਾਤ ਸਮੇਂ ਵਰਤਿਆ ਲੋਹੇ ਦਾ ਪਾਈਪ ਉੱਥੇ ਹੀ ਸੁੱਟ ਕੇ ਦੋਵੇਂ ਜਣੇ ਫ਼ਰਾਰ ਹੋ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਪੁੱਛ ਗਿੱਛ ਦੇ ਆਧਾਰ ’ਤੇ ਇਹਨਾਂ ਦੋਵੇਂ ਦੋਸ਼ੀਆਂ ਨੂੰ ਮੁਕੱਦਮਾ ਨੰਬਰ 15 ਮਿਤੀ 11 ਜਨਵਰੀ 2026 ਅ/ਧ 103,3 (5) BNS ਥਾਣਾ ਸਦਰ ਧੂਰੀ ਵਿੱਚ ਮਿਤੀ 16.01.2026 ਨੂੰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।



