ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ਵਿੱਚ ਪੰਜਾਬ ਫਿਰ ਤੋਂ ਮੋਹਰੀ : ਸੰਜੀਵ ਅਰੋੜਾ

ਪੰਜਾਬ

ਚੰਡੀਗੜ੍ਹ, 16 ਜਨਵਰੀ : ਦੇਸ਼ ਕਲਿੱਕ ਬਿਊਰੋ:

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਨੇ ਇੱਕ ਵਾਰ ਫਿਰ ਆਪਣੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਥਾਪਿਤ ਕਰਦਿਆਂ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਵੱਲੋਂ ਜਾਰੀ ਕੀਤੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ – 5ਵੇਂ ਐਡੀਸ਼ਨ ਵਿੱਚ ਲਗਾਤਾਰ ਦੂਜੀ ਵਾਰ ਪੰਜਾਬ ਨੇ ‘ਟਾਪ ਪਰਫਾਰਮਰ’ ਵਜੋਂ ਸਫ਼ਲਤਾ ਦਰਜ ਕੀਤੀ ਹੈ ।

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ ’ਤੇ ਕਰਵਾਏ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਦੂਜੀ ਵਾਰ ਇਹ ਮਾਣ ਹਾਸਲ ਕਰਨਾ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਨਵੀਨਤਾ-ਸੰਚਾਲਿਤ ਸਟਾਰਟਅੱਪ ਈਕੋਸਿਸਟਮ ਬਣਾਉਣ ਵੱਲ ਪੰਜਾਬ ਦੇ ਨਿਰੰਤਰ ਅਤੇ ਕੇਂਦ੍ਰਿਤ ਯਤਨਾਂ ਦਾ ਪ੍ਰਤੱਖ ਸਬੂਤ ਹੈ। ਰਾਜ ਦੀ ਕਾਰਗੁਜ਼ਾਰੀ ਪ੍ਰਗਤੀਸ਼ੀਲ ਸਟਾਰਟਅੱਪ ਨੀਤੀਆਂ, ਮਜ਼ਬੂਤ ਸੰਸਥਾਗਤ ਪ੍ਰਣਾਲੀਆਂ, ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਹਾਇਤਾ, ਵਿੱਤ ਤੱਕ ਬਿਹਤਰ ਪਹੁੰਚ, ਸੇਧਪੂਰਨ ਸਲਾਹ-ਮਸ਼ਵਰਾ ਪਹਿਲਕਦਮੀਆਂ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਰੋਬਾਰ ਵਿੱਚ ਆਸਾਨੀ ਵਾਲੇ ਸੁਧਾਰਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।

ਇਸ ਪ੍ਰਾਪਤੀ ’ਤੇ ਖੁਸ਼ੀ ਤੇ ਤਸੱਲੀ ਜ਼ਾਹਰ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ,‘‘ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ‘ਟਾਪ ਪਰਫਾਰਮਰ’ ਵਜੋਂ ਇਹ ਲਗਾਤਾਰ ਮਾਨਤਾ ਦੇਣਾ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ। ਮਾਣਯੋਗ ਮੁੱਖ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਨੇ ਸਟਾਰਟਅੱਪਸ ਲਈ ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਗ਼ੈਰ-ਕਾਰੋਬਾਰੀ ਪਿਛੋਕੜ ਵਾਲੇ ਉੱਦਮੀਆਂ ਲਈ ਇੱਕ ਢੁਕਵਾਂ ਮਾਹੌਲ ਬਣਾਇਆ ਹੈ। ਸਰਕਾਰ ਵੱਲੋਂ ਪੰਜਾਬ ਨੂੰ ਸਟਾਰਟਅੱਪਸ ਅਤੇ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਸਥਾਨ ਵਜੋਂ ਉਭਾਰਨ ਲਈ ਨੀਤੀਗਤ ਸਹਾਇਤਾ, ਇਨਕਿਊਬੇਸ਼ਨ ਬੁਨਿਆਦੀ ਢਾਂਚੇ ਅਤੇ ਮਾਰਕੀਟ ਪਹੁੰਚ ਨੂੰ ਮਜ਼ਬੂਤ ਕਰਨਾ ਜਾਰੀ ਰਹੇਗਾ।’’

ਉਨ੍ਹਾਂ ਅੱਗੇ ਕਿਹਾ ਕਿ ਸਟਾਰਟਅੱਪ ਨੀਤੀ ਲਾਗੂਕਰਨ, ਸੰਸਥਾਗਤ ਸਹਾਇਤਾ ਪ੍ਰਣਾਲੀਆਂ, ਇਨਕਿਊਬੇਸ਼ਨ ਬੁਨਿਆਦੀ ਢਾਂਚਾ, ਫੰਡਿੰਗ ਵਿਧੀਆਂ, ਸਮਰੱਥਾ ਨਿਰਮਾਣ, ਸਲਾਹ-ਮਸ਼ਵਰਾ ਅਤੇ ਸੁਚੱਜੇ ਮੰਡੀਕਰਨ ਆਦਿ ਅਹਿਮ ਮਾਪਦੰਡਾਂ ਦੇ ਆਧਾਰ ’ਤੇ ਸੂਬੇ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ।

ਸਰਕਾਰ ਦੀ ਵਚਨਬੱਧਤਾ ਦ੍ਰਿੜਾਉਂਦਿਆਂ ਮੰਤਰੀ ਸੰਜੀਵ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨਵੀਨਤਾ-ਅਗਵਾਈ ਵਾਲੇ ਆਰਥਿਕ ਵਿਕਾਸ, ਰੁਜ਼ਗਾਰ ਉਤਪਤੀ ਅਤੇ ਤਕਨਾਲੋਜੀ-ਅਧਾਰਤ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗਾ ਤਾਂ ਜੋ ਸਟਾਰਟਅੱਪਸ ਨੂੰੰ ਮੁੱਖ ਤਰਜੀਹ ਮੰਨਦਿਆਂ ਸੂਬੇ ਦੇ ਆਰਥਿਕ ਕਾਇਆ-ਕਲਪ ਨੂੰ ਯਕੀਨੀ ਬਣਾਇਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।