ਮਣੀਪੁਰ, 18 ਜਨਵਰੀ: ਦੇਸ਼ ਕਲਿੱਕ ਬਿਊਰੋ:
3 ਮਈ, 2023 ਨੂੰ ਮਨੀਪੁਰ ਵਿੱਚ ਨਸਲੀ ਹਿੰਸਾ ਭੜਕਣ ਦੌਰਾਨ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ 20 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਸਮੂਹਿਕ ਬਲਾਤਕਾਰ ਦੇ ਸਮੇਂ ਉਹ ਸਿਰਫ਼ 18 ਸਾਲ ਦੀ ਸੀ। ਐਨਡੀਟੀਵੀ ਦੇ ਅਨੁਸਾਰ, ਲੜਕੀ ਅਜੇ ਵੀ ਲਗਭਗ ਤਿੰਨ ਸਾਲ ਪਹਿਲਾਂ ਹੋਏ ਅਗਵਾ ਅਤੇ ਸਮੂਹਿਕ ਬਲਾਤਕਾਰ ਦੇ ਸਦਮੇ ਤੋਂ ਉੱਭਰੀ ਨਹੀਂ ਸੀ।
ਔਰਤ ਦੀ ਮਾਂ ਨੇ ਦੱਸਿਆ ਕਿ ਉਹ ਗੰਭੀਰ ਜ਼ਖਮੀ ਹੋ ਗਈ ਸੀ। ਉਸਦੀ ਧੀ ਨੂੰ ਗੰਭੀਰ ਸੱਟਾਂ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਅੰਤ ਵਿੱਚ 10 ਜਨਵਰੀ ਨੂੰ ਉਸਨੇ ਆਪਣੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਔਰਤ ਕੁਕੀ ਭਾਈਚਾਰੇ ਨਾਲ ਸਬੰਧਤ ਸੀ ਅਤੇ ਉਸਨੇ ਮਣੀਪੁਰ ਦੇ ਸਿੰਘਤ ਵਿੱਚ ਆਖਰੀ ਸਾਹ ਲਿਆ।
ਪੀੜਤਾ ਨੇ 21 ਜੁਲਾਈ, 2023 ਨੂੰ ਐਫਆਈਆਰ ਦਰਜ ਕਰਵਾਈ। ਇਸ ਵਿੱਚ, ਉਸਨੇ ਦੋਸ਼ ਲਗਾਇਆ ਕਿ 15 ਮਈ, 2023 ਨੂੰ, ਕਾਲੇ ਟੀ-ਸ਼ਰਟ ਪਹਿਨੇ ਚਾਰ ਹਥਿਆਰਬੰਦ ਵਿਅਕਤੀਆਂ ਨੇ ਉਸਨੂੰ ਇੱਕ ਚਿੱਟੀ ਬੋਲੈਰੋ ਵਿੱਚ ਅਗਵਾ ਕਰ ਲਿਆ ਅਤੇ ਉਸਨੂੰ ਇੱਕ ਪਹਾੜੀ ਖੇਤਰ ਵਿੱਚ ਲੈ ਗਏ। ਡਰਾਈਵਰ ਨੂੰ ਛੱਡ ਕੇ, ਉਨ੍ਹਾਂ ਵਿੱਚੋਂ ਤਿੰਨ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ।
22 ਜੁਲਾਈ, 2023 ਨੂੰ, ਪੀੜਤਾ ਦਾ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਹਾਲਾਂਕਿ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। 17 ਜਨਵਰੀ ਨੂੰ, ਕੁਕੀ ਭਾਈਚਾਰੇ ਦੇ ਮੈਂਬਰਾਂ ਨੇ ਪੀੜਤਾ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਚੁਰਾਚਾਂਦਪੁਰ ਵਿੱਚ ਇੱਕ ਮੋਮਬੱਤੀ ਮਾਰਚ ਕੱਢਿਆ ਸੀ।



