ਮੋਰਿੰਡਾ 20 ਜਨਵਰੀ (ਭਟੋਆ)
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ ਦੀ ਅਗਵਾਈ ਹੇਠ ਇਲਾਕੇ ਵਿੱਚੋਂ ਇਕੱਠੇ ਹੋਏ ਮਗਨਰੇਗਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਜਿਨ੍ਹਾਂ ਵਿੱਚ ਮਗਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਤੇ ਵੀਬੀ ਜੀਰਾਮਜੀ ਨੂੰ ਰੱਦ ਕੀਤਾ ਜਾਵੇ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਕੇ ਪੁਰਾਣੇ 29 ਕਾਨੂੰਨ ਬਹਾਲ ਕੀਤੇ ਜਾਣ, ਮਗਨਰੇਗਾ ਤਹਿਤ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਮਗਨਰੇਗਾ ਕਾਨੂੰਨ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ,ਬਿਜਲੀ ਬਿੱਲ ਤੇ ਬੀਜ ਬਿਲ 2025 ਰੱਦ ਕੀਤਾ ਜਾਵੇ, ਮਗਨਰੇਗਾ ਵਿੱਚ ਹਾਜ਼ਰੀ ਪਹਿਲਾਂ ਵਾਂਗ ਹੀ ਲਾਈ ਜਾਵੇ , ਮਗਨਰੇਗਾ ਮਜ਼ਦੂਰਾਂ ਨੂੰ 10 ਲੱਖ ਦੀ ਐਕਸਗਰੇਸੀਆ ਦਿੱਤੀ ਜਾਵੇ ਤੇ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ,ਮਗਨਰੇਗਾ ਮਜ਼ਦੂਰਾਂ ਦੇ ਰਹਿੰਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ,ਮਗਨਰੇਗਾ ਵਿੱਚ ਮਸ਼ੀਨਰੀ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਲੋੜਵੰਦਾਂ ਨੂੰ ਪੰਜ ਮਰਲੇ ਦੇ ਪਲਾਟ ਅਤੇ 10 ਲੱਖ ਰੁਪਏ ਮਕਾਨ ਬਣਾਉਣ ਲਈ ਗਰਾਂਟ ਦਿੱਤੀ ਜਾਵੇ, ਮਗਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਆਦਿ ਨੂੰ ਲੈਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਇਕੱਠੇ ਹੋ ਕੇ ਕਾਈਨੌਰ ਚੌਂਕ ਤੱਕ ਰੋਸ ਮਾਰਚ ਕਰਕੇ ਮੰਗ ਪੱਤਰ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਪੰਨੂ ਨੂੰ ਕੇਂਦਰ ਸਰਕਾਰ ਦੇ ਨਾਮ ਸੌਂਪਿਆ ਗਿਆ। ਜਿਸ ਨੂੰ ਉਨਾ ਵੱਲੋ ਜਲਦ ਸਰਕਾਰ ਨੂੰ ਭੇਜਣ ਦਾ ਭਰੋਸਾ ਦਿਵਾਇਆ ਗਿਆ।
ਇਸ ਤੋ ਪਹਿਲਾਂ ਪ੍ਰਦਰਸ਼ਨਕਾਰੀਆਂ ਵੱਲੋ ਕਾਈਨੌਰ ਚੌਂਕ ਨੇੜੇ ਧਰਨਾ ਦਿੱਤਾ ਗਿਆ, ਜਿਹੜਾ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋਇਆ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਰਤੀਆਂ ਅਤੇ ਕਿਸਾਨਾਂ ਦੇ ਹੱਕਾਂ ਤੇ ਕੁਹਾੜਾ ਚਲਾ ਰਹੀ ਹੈ ਅਤੇ ਪੂੰਜੀਪਤੀ,ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਲਈ ਕਿਰਤੀ ਵਿਰੋਧੀ ਨੀਤੀਆਂ ਘੜ ਰਹੀ ਹੈ ਜਿਸ ਨੂੰ ਕਿ ਦੇਸ਼ ਦੀ ਮਿਹਨਤਕਸ਼ ਜਨਤਾ ਏਕੇ ਅਤੇ ਸੰਘਰਸ਼ ਨਾਲ ਹੀ ਠੱਲ੍ਹ ਸਕਦੀ ਹੈ, ਜਿਸ ਦੀ ਤਾਜ਼ਾ ਮਿਸਾਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮਜ਼ਦੂਰ ਏਕਤਾ ਕਾਇਮ ਕਰਕੇ ਕੀਤੇ ਸੰਘਰਸ਼ ਨਾਲ ਤਿੰਨ ਮਜ਼ਦੂਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣਾ ਹੈ।
ਆਗੂਆਂ ਨੇ ਸਾਰੇ ਕਿਰਤੀ ਕਿਸਾਨ ਹਿਤੈਸ਼ੀਆਂ ਨੂੰ ਇਕੱਠੇ ਹੋ ਕੇ ਇਹਨਾਂ ਲੋਕ ਵਿਰੋਧੀ ਨੀਤੀਆਂ ਨੂੰ ਬਦਲਣ ਦੀ ਅਪੀਲ ਕੀਤੀ। ਆਗੂਆਂ ਨੇ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨ ਵੱਲੋਂ ਕੀਤੀ ਜਾ ਰਹੀ 12 ਫਰਵਰੀ ਦੀ ਸੰਪੂਰਨ ਹੜਤਾਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਜਿਸ ਨੂੰ ਕਿ ਸੰਯੁਕਤ ਕਿਸਾਨ ਮੋਰਚਾ ਵੀ ਸਮਰਥਨ ਦੇ ਰਿਹਾ ਹੈ ਅਤੇ ਮਜ਼ਦੂਰ ਕਿਸਾਨ ਏਕਤਾ ਦੇ ਨਾਅਰੇ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਵਿੱਚ ਕਾਮਰੇਡ ਸੁਖਵਿੰਦਰ ਸਿੰਘ ਦੁਮਣਾ, ਸਾਥੀ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਪ੍ਰਧਾਨ ਕਾਂਸ਼ੀਰਾਮ ਮਿਸ਼ਨ ਸੁਸਾਇਟੀ ਜਿਲ੍ਹਾ ਰੂਪਨਗਰ, ਕਾਮਰੇਡ ਬਜਿੰਦਰ ਪੰਡਿਤ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਆਗੂ, ਕਾਮਰੇਡ ਦਲੀਪ ਸਿੰਘ ਘਨੌਲਾ ਸੀਨੀਅਰ ਕਿਸਾਨ ਆਗੂ, ਸੀਆਈਟੀਯੂ ਦੇ ਸੁਬਾਈ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ, ਧਰਮ ਸਿੰਘ ਕਾਈਨੌਰ, ਬਲਵਿੰਦਰ ਸਿੰਘ ਮੁੰਡੀਆਂ, ਪਰਮਜੀਤ ਕੌਰ, ਉਰਮਲਾ ਦੇਵੀ, ਰਾਮ ਸਿੰਘ ਢੰਗਰਾਲੀ, ਆਦਿ ਤੋਂ ਇਲਾਵਾ ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ,ਕਾਮਰੇਡ ਭਗਤ ਸਿੰਘ ਬਿੱਕੋਂ,ਕਾਮਰੇਡ ਸਪਿੰਦਰ ਸਿੰਘ ਘਨੌਲੀ ਅਤੇ ਵੱਡੀ ਗਿਣਤੀ ਵਿੱਚ ਮਗਨਰੇਗਾ ਵਰਕਰ ਹਾਜ਼ਰ ਸਨ।



