ਗੁਰਦਾਸਪੁਰ, 23 ਜਨਵਰੀ: ਦੇਸ਼ ਕਲਿੱਕ ਬਿਊਰੋ:
ਗੁਰਦਾਸਪੁਰ ਦੇ ਸਕੂਲਾਂ ਤੇ ਪਠਾਨਕੋਟ ਦੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇੱਕ ਅੱਤਵਾਦੀ ਸੰਗਠਨ ਵੱਲੋਂ ਈਮੇਲ ਰਾਹੀਂ ਜਾਰੀ ਕੀਤੀ ਗਈ ਸੀ। ਇਹ ਈਮੇਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਸੀ। ਈਮੇਲ ਵਿੱਚ ਕਿਹਾ ਗਿਆ ਸੀ ਕਿ ਸਕੂਲਾਂ ਨੂੰ ਦੁਪਹਿਰ 1:15 ਵਜੇ ਬੰਬ ਨਾਲ ਉਡਾ ਦਿੱਤਾ ਜਾਵੇਗਾ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ ਉਨ੍ਹਾਂ ਵਿੱਚ ਕਲਾਨੌਰ ਰੋਡ ‘ਤੇ ਜੀਆ ਲਾਲ ਮਿੱਤਲ ਡੀਏਵੀ ਸਕੂਲ, ਡੱਬੂੜੀ ਪਿੰਡ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ, ਬਹਿਰਾਮਪੁਰ ਰੋਡ ‘ਤੇ ਗੁਰਦਾਸਪੁਰ ਪਬਲਿਕ ਸਕੂਲ ਅਤੇ ਮੇਹਰ ਚੰਦ ਰੋਡ ‘ਤੇ ਟ੍ਰਿਨਿਟੀ ਪਬਲਿਕ ਸਕੂਲ ਸ਼ਾਮਲ ਹਨ।
ਇਸ ਦੇ ਨਾਲ ਹੀ ਪਠਾਨਕੋਟ ‘ਚ ਪਿੰਡ ਬਹਾਦਰਪੁਰ ਸਥਿਤ ਡਿਗਰੀ ਕਾਲਜ ਫਾਰ ਵੁਮੈਨ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੀ ਖਬਰ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ ਵਿੱਚ ਆ ਗਈਆਂ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਲਜ ਅਤੇ ਸਕੂਲਾਂ ‘ਚ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਉਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।



