ਲੁਧਿਆਣਾ, 24 ਜਨਵਰੀ: ਦੇਸ਼ ਕਲਿੱਕ ਬਿਊਰੋ:
ਲੁਧਿਆਣਾ ਵਿੱਚ ਇੱਕ ਐਮਬੀਏ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਦੋਸ਼ ਹਨ ਕਿ ਉਸਦੇ ਦੋਸਤ ਨੇ ਉਸਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਗੋਲੀ ਮਾਰਨ ਤੋਂ ਬਾਅਦ ਹਮਲਾਵਰ ਭੱਜ ਗਿਆ ਅਤੇ ਨੌਜਵਾਨ ਨੂੰ ਸੜਕ ‘ਤੇ ਖੂਨ ਨਾਲ ਲੱਥਪਥ ਪਿਆ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਣ ‘ਤੇ ਪਹੁੰਚੀ ਪੁਲਿਸ ਵੱਲੋਂ ਨੌਜਵਾਨ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਆਪਣੇ ਦੋਸਤ ਨੂੰ ਗੋਲੀ ਮਾਰਨ ਤੋਂ ਬਾਅਦ ਭੱਜ ਗਿਆ ਸੀ। ਮੁਲਜ਼ਮ ਇੱਕ ਅੰਤਰਰਾਸ਼ਟਰੀ ਪੈਰਾਸ਼ੂਟਰ ਹੈ। ਜਿਸ ਦੀ ਪਛਾਣ ਜੁਗਾੜ ਸਿੰਘ ਸੇਖੋਂ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰ ਅਨੁਸਾਰ, ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਦੇ ਪੁੱਤਰ ਨੂੰ ਘਰੋਂ ਬੁਲਾ ਕੇ ਲਿਆਂਦਾ ਸੀ ਅਤੇ ਫਿਰ ਉਸਦੀ ਮੌਤ ਦੀ ਖ਼ਬਰ ਮਿਲੀ। ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਰਾਜਵੀਰ ਸਿੰਘ ਖਹਿਰਾ (25) ਵਜੋਂ ਹੋਈ ਹੈ, ਜੋ ਕਿ ਜਗਜੀਤ ਨਗਰ, ਥਰੀਕੇ ਪਿੰਡ ਦਾ ਰਹਿਣ ਵਾਲਾ ਸੀ।



