ਸਰਹੱਦ ਪਾਰੋਂ ਨਾਰਕੋ-ਅੱਤਵਾਦ ਮਾਡਿਊਲ ਨਾਲ ਜੁੜਿਆ ਮੁੱਖ ਵਿਅਕਤੀ ਗ੍ਰਿਫ਼ਤਾਰ; ਮੁਲਜ਼ਮ ਪੈਸਿਆਂ ਦਾ ਕਰਦਾ ਸੀ ਲੈਣ-ਦੇਣ

ਪੰਜਾਬ
  • ਦੋਸ਼ੀ ਨੇ ਪਾਕਿਸਤਾਨ-ਅਧਾਰਤ ਤਸਕਰ ਦੇ ਨਿਰਦੇਸ਼ਾਂ ‘ਤੇ ਹੈਰੋਇਨ ਤਸਕਰੀ ਦੀ ਕਮਾਈ ਨੂੰ ਚੈਨੇਲਾਈਜ਼ ਕਰਨ ਲਈ ਜਾਣਬੁੱਝ ਕੇ ਆਪਣੇ ਬੈਂਕ ਖਾਤੇ ਦੀ ਕੀਤੀ ਸੀ ਵਰਤੋਂ: ਡੀਜੀਪੀ ਗੌਰਵ ਯਾਦਵ
  • ਹੋਰ ਜਾਂਚ ਜਾਰੀ; ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ: ਏਆਈਜੀ ਐਸਐਸਓਸੀ ਦੀਪਕ ਪਾਰਿਕ

ਚੰਡੀਗੜ੍ਹ/ਐਸਏਐਸ ਨਗਰ, 25 ਜਨਵਰੀ: ਦੇਸ਼ ਕਲਿੱਕ ਬਿਊਰੋ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਇੱਕ ਇੰਟੈਲੀਜੈਂਸ-ਅਧਾਰਤ ਕਾਰਵਾਈ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਐਸਏਐਸ ਨਗਰ ਨੇ ਪੈਸਿਆਂ ਦਾ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਨਾਲ ਇੱਕ ਅੰਤਰ-ਰਾਜੀ ਅਤੇ ਸਰਹੱਦ ਪਾਰੋਂ ਨਾਰਕੋ-ਅੱਤਵਾਦ ਮਾਡਿਊਲ ਦੇ ਮੁੱਖ ਵਿੱਤੀ ਲਿੰਕ ਦਾ ਪਰਦਾਫਾਸ਼ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ (22) ਵਜੋਂ ਹੋਈ ਹੈ, ਜੋ ਸੰਗਰੂਰ ਦੇ ਪਿੰਡ ਪੁੰਨੇਵਾਲ ਦਾ ਰਹਿਣ ਵਾਲਾ ਹੈ। ਸਤਨਾਮ ਸਿੰਘ ਪਹਿਲਾਂ ਇੱਕ ਨਿੱਜੀ ਕੰਪਨੀ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਪਿਛਲੇ ਸਾਲ ਜੂਨ ਵਿੱਚ ਟੂਰਿਸਟ ਵੀਜ਼ੇ ‘ਤੇ ਅਜ਼ਰਬਾਈਜਾਨ ਚਲਾ ਗਿਆ, ਜਿੱਥੇ ਉਹ ਪਾਕਿਸਤਾਨ ਅਧਾਰਤ ਡਰੱਗ ਤਸਕਰ ਦੇ ਸੰਪਰਕ ਵਿੱਚ ਆਇਆ।

ਇਹ ਕਾਰਵਾਈ ਭਾਰਤ-ਨੇਪਾਲ ਸਰਹੱਦ ਦੇ ਨੇੜੇ ਸਥਿਤ ਰਕਸੌਲ ਕਸਬੇ ਤੋਂ ਇੱਕ ਮੁੱਖ ਨਾਰਕੋ-ਅੱਤਵਾਦ ਕਾਰਕੁਨ ਰਾਜਬੀਰ ਸਿੰਘ ਉਰਫ ਫੌਜੀ ਦੀ ਗ੍ਰਿਫਤਾਰੀ, ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਈ ਹੈ। ਦੋਸ਼ੀ ਰਾਜਬੀਰ, ਜੋ ਫਰਵਰੀ 2025 ਵਿੱਚ ਭਾਰਤੀ ਫੌਜ ਵਿੱਚੋਂ ਭਗੌੜਾ ਹੋ ਗਿਆ ਸੀ, ਬਾਰੇ ਪਤਾ ਲੱਗਾ ਕਿ ਉਹ ਚਿਰਾਗ ਨੂੰ ਹੈਰੋਇਨ ਸਪਲਾਈ ਕਰਦਾ ਸੀ। ਦੱਸਣਯੋਗ ਹੈ ਕਿ ਚਿਰਾਗ ਉਹ ਵਿਅਕਤੀ ਹੈ, ਜਿਸਨੂੰ ਪਹਿਲਾਂ 107 ਗ੍ਰਾਮ ਹੈਰੋਇਨ, ਇੱਕ 9 ਐਮਐਮ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ਸਤਨਾਮ ਸਿੰਘ ਨੇ ਪਾਕਿਸਤਾਨ ਅਧਾਰਤ ਡਰੱਗ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰਦਿਆਂ ਹੈਰੋਇਨ ਤਸਕਰੀ ਦੀ ਕਮਾਈ ਨੂੰ ਚੈਨੇਲਾਈਜ਼ ਕਰਨ ਲਈ ਜਾਣਬੁੱਝ ਕੇ ਆਪਣੇ ਬੈਂਕ ਖਾਤੇ ਅਤੇ ਯੂਪੀਆਈ ਵੇਰਵਿਆਂ ਦੀ ਵਰਤੋਂ ਕਰਕੇ ਅੱਤਵਾਦ ਫਾਇਨਾਂਸਿੰਗ ਦੀ ਸਹੂਲਤ ਦਿੱਤੀ।

ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦਾ ਨਾਮ ਹੈਰੋਇਨ ਰਿਕਵਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਨਵੰਬਰ 2025 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਏ ਗ੍ਰਨੇਡ ਹਮਲੇ ਨਾਲ ਜੁੜਿਆ ਹੋਇਆ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਦੀਪਕ ਪਾਰਿਕ ਨੇ ਕਿਹਾ ਕਿ ਰਾਜਬੀਰ ਸਿੰਘ ਉਰਫ ਫੌਜੀ ਦੀ ਲਗਾਤਾਰ ਜਾਂਚ ਅਤੇ ਹਿਰਾਸਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸਤੰਬਰ 2025 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ, ਪਾਕਿਸਤਾਨ ਅਧਾਰਤ ਤਸਕਰ ਨੇ ਸਤਨਾਮ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਹੌਲੀ-ਹੌਲੀ ਉਸਨੂੰ ਡਰੱਗ ਨੈੱਟਵਰਕ ਲਈ ਕੰਮ ਕਰਨ ਵਾਸਤੇ ਰਾਜੀ ਕਰ ਲਿਆ ਅਤੇ ਵਿੱਤੀ ਲੈਣ-ਦੇਣ ਲਈ ਉਸਨੂੰ ਕਮਿਸ਼ਨ ਦੀ ਪੇਸ਼ਕਸ਼ ਕੀਤੀ।

ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਕਿ ਹੈਰੋਇਨ ਦੀ ਵਿਕਰੀ ਤੋਂ ਬਾਅਦ ਸਤਨਾਮ ਸਿੰਘ ਦੇ ਖਾਤੇ ਵਿੱਚ ਪੈਸਾ ਜਮ੍ਹਾ ਕੀਤਾ ਗਿਆ ਅਤੇ ਇਹ ਪੈਸਾ ਬਾਅਦ ਵਿੱਚ ਨੈੱਟਵਰਕ ਦੇ ਹੋਰ ਕਾਰਕੁੰਨਾਂ ਨੂੰ ਭੇਜਿਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਕਿ ਰਾਜਬੀਰ ਸਿੰਘ ਨੇ ਗੁਰਜੰਟ ਸਿੰਘ ਵਾਸੀ ਤਰਨਤਾਰਨ ਦੇ ਖਾਤੇ ਰਾਹੀਂ ਸਤਨਾਮ ਸਿੰਘ ਦੇ ਖਾਤੇ ਵਿੱਚ ਫੰਡ ਟ੍ਰਾਂਸਫਰ ਕੀਤੇ ਸੀ। ਦੱਸਣਯੋਗ ਹੈ ਕਿ ਦੋਸ਼ੀ ਗੁਰਜੰਟ ਨੂੰ ਹਰਿਆਣਾ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ।

ਏਆਈਜੀ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਕੇਸ ਥਾਣਾ ਐਸਐਸਓਸੀ ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, ਅਸਲਾ ਐਕਟ ਦੀ ਧਾਰਾ 25(1) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 14 ਮਿਤੀ 10.12.2025 ਨੂੰ ਪਹਿਲਾਂ ਹੀ ਦਰਜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।