ਪਟਿਆਲਾ, 28 ਜਨਵਰੀ, ਦੇਸ਼ ਕਲਿੱਕ ਬਿਊਰੋ:
ਪੰਜਾਬ ਪੁਲਿਸ ਨੇ ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਸਰਕਾਰੀ ਬੰਗਲਾ ਖਾਲੀ ਕਰਵਾ ਲਿਆ ਹੈ। ਦੱਸ ਦਈਏ ਕਿ ਪਠਾਨਮਾਜਰਾ ਨੂੰ ਪਟਿਆਲਾ ਵਿੱਚ ਇੱਕ ਵਿਧਾਇਕ ਵਜੋਂ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਸੀ।
ਪਠਾਣਮਾਜਰਾ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਪਟਿਆਲਾ ਦੀ ਅਦਾਲਤ ਨੇ ਭਗੌੜਾ ਐਲਾਨਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ। ਪਹਿਲਾਂ, ਪੁਲਿਸ ਨੇ ਬੰਗਲਾ ਖਾਲੀ ਕਰਨ ਦੀ ਮੰਗ ਕਰਦੇ ਹੋਏ ਇੱਕ ਨੋਟਿਸ ਚਿਪਕਾਇਆ ਸੀ, ਪਰ ਵਿਧਾਇਕ ਨੇ ਫਿਰ ਵੀ ਇਸਨੂੰ ਖਾਲੀ ਨਹੀਂ ਕੀਤਾ।
ਜਿਵੇਂ ਹੀ ਬੰਗਲਾ ਖਾਲੀ ਹੋਣ ਦੀ ਖ਼ਬਰ ਮਿਲੀ, ਪਠਾਨਮਾਜਰਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ, “ਮੈਨੂੰ ਇਹ ਸਰਕਾਰੀ ਕੋਠੀ ਇੱਕ ਵਿਧਾਇਕ ਵਜੋਂ ਅਲਾਟ ਕੀਤੀ ਗਈ ਸੀ। ਮੈਂ ਅਜੇ ਵੀ ਪੰਜਾਬ ਵਿਧਾਨ ਸਭਾ ਵਿੱਚ ਇੱਕ ਵਿਧਾਇਕ ਹਾਂ। ਪੰਜਾਬ ਸਰਕਾਰ ਨੂੰ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਪੂਰਥਲਾ ਹਾਊਸ ਖਾਲੀ ਕਰਵਾਉਣਾ ਚਾਹੀਦਾ ਹੈ।”



