ਚੰਡੀਗੜ੍ਹ, 29 ਜਨਵਰੀ: ਦੇਸ਼ ਕਲਿੱਕ ਬਿਊਰੋ:
ਚੰਡੀਗੜ੍ਹ ਦੇ ਸੈਕਟਰ- 1 ‘ਚ ਸਥਿਤ ਪੰਜਾਬ ਸਿਵਲ ਸਕੱਤਰੇਤ ਅਤੇ ਸੈਕਟਰ- 9 ‘ਚ ਸਥਿਤ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਕੰਪਲੈਕਸਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ, ਅਤੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਿਲੀ ਜਾਣਕਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ। ਪੰਜਾਬ ਸਿਵਲ ਸਕੱਤਰ ਦੇ ਪ੍ਰਬੰਧਕੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਕਰਮਚਾਰੀਆਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬੰਬ ਧਮਕੀ ਦੇ ਮੱਦੇਨਜ਼ਰ ਛੁੱਟੀ ਕਰ ਦਿੱਤੀ ਗਈ ਹੈ।
ਧਮਕੀ ਮਿਲਣ ‘ਤੇ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਡਿਸਪੋਜ਼ਲ ਸਕੁਐਡ (ਬੀਡੀਐਸ), ਸੀਆਈਐਸਐਫ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਹਨ। ਪੂਰੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਮਿਲੀਆਂ ਸਨ। ਇਨ੍ਹਾਂ ਵਿੱਚ 22 ਨਿੱਜੀ ਅਤੇ 8 ਸਰਕਾਰੀ ਸਕੂਲ ਸ਼ਾਮਲ ਸਨ। ਮਿਆਰੀ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਸਕੂਲ ਦੇ ਅਹਾਤੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਪਰ ਪੂਰੀ ਤਲਾਸ਼ੀ ਤੋਂ ਬਾਅਦ, ਕਿਸੇ ਵੀ ਜਗ੍ਹਾ ਤੋਂ ਕੋਈ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਸੀ।



