ਨਾਭਾ, 3 ਫਰਵਰੀ: ਦੇਸ਼ ਕਲਿੱਕ ਬਿਊਰੋ:
ਸ਼੍ਰੋਮਣੀ ਯੂਥ ਅਕਾਲੀ ਦਲ ਤੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ ਦੇ ਬਾਹਰ ਆਉਂਦੇ ਸਾਰ ਹੀ ‘ਬੋਲੇ ਸੋ ਨਿਹਾਲ’ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਮੌਕੇ ਹਜ਼ਾਰਾਂ ਦੀ ਤਾਦਾਦ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚੇ ਹੋਏ ਸਨ।
ਇਸ ਮੌਕੇ ਸੀਨੀਅਰ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਉਨ੍ਹਾਂ ਦੇ ਗਲੇ ਵਿਚ ਸਿਰੋਪਾਓ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਰਿਹਾਈ ਤੋਂ ਬਾਅਦ ਬਿਕਰਮ ਸਿੰਘ ਮ਼ਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਣ ਦੇ ਸਾਰ ਹੀ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਅਤੇ ਫੇਰ ਉਨ੍ਹਾਂ ਨੇ ਸਮਰਥਕਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ।
ਇਸ ਮੌਕੇ ਮਜੀਠੀਆ ਨੇ ਰਿਹਾਈ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਚਾਹੁੰਦੀਆਂ ਸਨ ਕੇ ਇਹ ਜਿਊਂਦਾ ਬਾਹਰ ਹੀ ਨਾ ਆਵੇ, ਪਰ ਪ੍ਰਮਾਤਮਾ ਦੀ ਮੇਹਰ ਸਦਕਾ ਅੱਜ ਉਹ ਤੁਹਾਡੇ ਵਿਚਕਾਰ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਇਨ੍ਹਾਂ ਦਿਨਾਂ ਦੌਰਾਨ ਜੋ ਉਨ੍ਹਾਂ ਨੂੰ ਬਲ ਬਖਸ਼ਿਆ, ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਹੁਕਮ ਨੂੰ ਦੇਰ ਨਾਲ ਅਪਡੇਟ ਕੀਤਾ ਗਿਆ ਸੀ, ਅਤੇ ਫਿਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਸੀ। ਜਿਸ ਕਾਰਨ ਰਿਹਾਈ ‘ਚ ਦੇਰੀ ਹੋਈ। ਰਿਹਾਈ ਤੋਂ ਬਾਅਦ ਹੁਣ ਮਜੀਠੀਆ ਪਹਿਲਾਂ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਦੱਸ ਦਈਏ ਕਿ ਮਜੀਠੀਆ ਨੂੰ ਕੱਲ੍ਹ ਸੁਪਰੀਮ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਉਹ ਸੱਤ ਮਹੀਨਿਆਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ।



