ਭਾਕਿਯੂ ਏਕਤਾ ਡਕੌਂਦਾ ਨੇ ਮੁਕਤ ਵਪਾਰ ਸਮਝੌਤੇ ਅਤੇ ਉਗਰਾਹਾਂ ਜਥੇਬੰਦੀ ਤੇ ਜਬਰ ਦੇ ਖਿਲਾਫ ਫੂਕੇ ਪੁਤਲੇ

ਪੰਜਾਬ
  • 12 ਫਰਵਰੀ ਦੀ ਹੜਤਾਲ ਵਿੱਚ ਵੱਧ ਚੜ੍ਹ ਕੇ ਹੋਵਾਂਗੇ ਸ਼ਾਮਿਲ: ਜਗਤਾਰ ਦੁੱਗਾਂ
  • ਪੰਜਾਬ ਸਰਕਾਰ ਲੋਕਾਂ ਤੇ ਜਬਰ ਕਰਨ ਤੋਂ ਬਾਜ ਆਵੇ: ਪਰਮਿੰਦਰ ਦੁੱਗਾਂ

ਸੰਗਰੂਰ, 11 ਫਰਵਰੀ: ਦਲਜੀਤ ਕੌਰ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਗਰੂਰ ਬਲਾਕ ਵੱਲੋਂ ਪਿੰਡ ਦੁੱਗਾਂ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਗਏ। ਇਸ ਸਮੇਂ ਇਕੱਠੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਦੁੱਗਾਂ ਅਤੇ ਜਿਲਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਦੁੱਗਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠ ਆ ਕੇ ਸਾਰੇ ਫਲਾਂ, ਮੇਵਿਆਂ, ਮੁਰੱਬੇ, ਸੋਇਆਬੀਨ ਦਾ ਤੇਲ ਅਤੇ ਮੱਕੀ ਤੋਂ ਬਣੇ ਪਦਾਰਥਾਂ ਤੇ ਟੈਕਸ ਖਤਮ ਕਰਨ ਦਾ ਸਮਝੌਤਾ ਕਰ ਲਿਆ ਹੈ। ਭਾਰਤ ਸਰਕਾਰ ਸਮਝੌਤੇ ਨੂੰ ਜਨਤਕ ਕਰਨ ਤੋਂ ਵੀ ਭੱਜ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਸਮਝੌਤੇ ਨੂੰ ਤੁਰੰਤ ਜਨਤਕ ਕਰੇ ਅਤੇ ਖੇਤੀ ਵਸਤਾਂ ਤੇ ਟੈਕਸ ਖਤਮ ਕਰਨ ਦਾ ਸਮਝੌਤਾ ਰੱਦ ਕਰੇ।

ਇਸੇ ਤਰ੍ਹਾਂ ਭਾਰਤ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਚਾਰ ਲੇਬਰ ਕੋਡ ਅਤੇ ਮਗਨਰੇਗਾ ਨੂੰ ਖਤਮ ਕਰਕੇ ਮਜ਼ਦੂਰ ਵਿਰੋਧੀ ਨਵਾਂ ਕਾਨੂੰਨ ਬਣਾਉਣ ਦੇ ਖਿਲਾਫ 12 ਫਰਵਰੀ ਨੂੰ ਭਾਰਤ ਪੱਧਰ ਦੀ ਹੜਤਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ।

ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਤੇ ਕੀਤੇ ਲਾਠੀਚਾਰਜ, ਗਿਰਫਤਾਰੀਆਂ ਅਤੇ ਝੂਠੇ ਕੇਸ ਪਾਉਣ ਦੀ ਸਖਤ ਨਿਖੇਧੀ ਕਰਦਿਆਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਝੂਠੇ ਕੇਸ ਰੱਦ ਕੀਤੇ ਜਾਣ ਅਤੇ ਉਹਨਾਂ ਦੀਆਂ ਹੋਰ ਮੰਗਾਂ ਮੰਨੀਆਂ ਜਾਣ।

ਇਸ ਸਮੇਂ ਮੇਜਰ ਸਿੰਘ ਬਾਲੀਆਂ, ਪਰਮਜੀਤ ਸਿੰਘ, ਬਹਾਦਰ ਸਿੰਘ, ਨਿਹਾਲ ਸਿੰਘ, ਮਹਿੰਦਰ ਸਿੰਘ ਫੌਜੀ, ਦਰਸ਼ਨ ਸਿੰਘ, ਲਾਭ ਸਿੰਘ, ਨਾਇਬ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ ਅਤੇ ਸੁਖਦੇਵ ਸਿੰਘ ਕੁੰਨਰਾਂ ਤੋਂ ਇਲਾਵਾ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।