ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਮਾਡਿਊਲ ਨਾਲ ਜੁੜੇ 10 ਵਿਅਕਤੀ ਕਾਬੂ; 5.4 ਕਿਲੋਗ੍ਰਾਮ ਹੈਰੋਇਨ, 3 ਪਿਸਤੌਲ ਬਰਾਮਦ*

ਪੰਜਾਬ

— ਹੀਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਭਾਰਤੀ ਖੇਤਰ ਵਿੱਚ ਤਸਕਰੀ ਕੀਤੀ ਜਾ ਰਹੀ ਸੀ: ਡੀਜੀਪੀ ਗੌਰਵ ਯਾਦਵ
— ਗ੍ਰਿਫ਼ਤਾਰ ਦੋਸ਼ੀ ਗੁਰਪ੍ਰੀਤ ਉਰਫ ਗੋਪੀ ਜੇਲ੍ਹ ਵਿੱਚੋਂ ਮਾਡਿਊਲ ਚਾਲ ਰਿਹਾ ਸੀ: ਸੀਪੀ ਗੁਰਪ੍ਰੀਤ ਭੁੱਲਰ

ਚੰਡੀਗੜ੍ਹ/ਅੰਮ੍ਰਿਤਸਰ, 28 ਫਰਵਰੀ: ਦੇਸ਼ ਕਲਿੱਕ ਬਿਊਰੋ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕੁੱਲ 10 ਮੁਲਜ਼ਮਾਂ ਨੂੰ 5.4 ਕਿਲੋਗ੍ਰਾਮ ਹੈਰੋਇਨ, ਤਿੰਨ ਆਧੁਨਿਕ ਪਿਸਤੌਲਾਂ ਅਤੇ 4500 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਦੇ ਤਿੰਨ ਸੰਗਠਿਤ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਬਿੱਲਾ (21) ਵਾਸੀ ਗੁਰੂ ਕੀ ਵਡਾਲੀ, ਅੰਮ੍ਰਿਤਸਰ; ਲਵਪ੍ਰੀਤ ਸਿੰਘ ਉਰਫ ਲਵ (25) ਵਾਸੀ ਪਿੰਡ ਬੋਪਾਰਾਏ ਬਾਜ ਸਿੰਘ, ਅੰਮ੍ਰਿਤਸਰ; ਸਤਨਾਮ ਸਿੰਘ ਉਰਫ ਜੱਜ (28) ਵਾਸੀ ਪਿੰਡ ਸੁਰਸਿੰਘ, ਤਰਨਤਾਰਨ; ਰੋਹਿਤ ਸ਼ਰਮਾ ਉਰਫ਼ ਡਾਕੂ (21) ਵਾਸੀ ਪਿੰਡ ਮੋਹਕਮਪੁਰਾ, ਅੰਮ੍ਰਿਤਸਰ; ਗੁਰਲਾਲ ਸਿੰਘ ਉਰਫ਼ ਦੀਮਾ (38) ਵਾਸੀ ਪਿੰਡ ਮਸਤਗੜ੍ਹ, ਤਰਨਤਾਰਨ; ਮਨਪ੍ਰੀਤ ਸਿੰਘ ਉਰਫ਼ ਮੰਨਾ (30), ਗੁਰਪ੍ਰੀਤ ਸਿੰਘ ਉਰਫ਼ ਗੋਪੀ (24), ਸ਼ੰਕਰ ਕੁਮਾਰ (53), ਅਨੀਸ਼ ਉਰਫ਼ ਯੱਕੀ (23) ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ (30) ਸਾਰੇ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9 ਐਮਐਮ ਗਲੌਕ, ਇੱਕ 9 ਐਮਐਮ ਜ਼ਿਗਾਨਾ ਅਤੇ ਇੱਕ .32 ਬੋਰ ਪਿਸਤੌਲ ਸਮੇਤ 34 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਇੱਕ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਭਾਰਤੀ ਖੇਤਰ ਵਿੱਚ ਤਸਕਰੀ ਕੀਤੀ ਜਾ ਰਹੀ ਸੀ ਅਤੇ ਇਕ ਸੰਗਠਿਤ ਨੈੱਟਵਰਕ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਡਿਲੀਵਰੀ ਕੀਤੀ ਜਾ ਰਹੀ ਸੀ।

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

ਪਹਿਲੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਸ਼ੇਸ਼ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਗੁਰਪ੍ਰੀਤ ਉਰਫ ਬਿੱਲਾ ਨੂੰ 230 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਹੋਰ ਜਾਂਚ ਦੌਰਾਨ ਉਸਦੇ ਸਾਥੀ ਲਵਪ੍ਰੀਤ ਉਰਫ ਲਵ ਅਤੇ ਸਤਨਾਮ ਸਿੰਘ ਉਰਫ ਜੱਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ 3 ਕਿਲੋ ਹੈਰੋਇਨ, ਇੱਕ 9 ਐਮਐਮ ਜ਼ਿਗਾਨਾ ਅਤੇ 9 ਐਮਐਮ ਗਲੌਕ ਸਮੇਤ 32 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਉਰਫ ਲਵ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਵਿਖੇ ਦਰਜ ਇੱਕ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ।

ਸੀਪੀ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਮਨਪ੍ਰੀਤ ਉਰਫ਼ ਮੰਨਾ ਅਤੇ ਗੁਰਲਾਲ ਉਰਫ਼ ਦੀਮਾ ਨੂੰ ਗ੍ਰਿਫ਼ਤਾਰ ਕੀਤਾ ਅਤੇ 205 ਗ੍ਰਾਮ ਹੈਰੋਇਨ, 4500 ਰੁਪਏ ਦੀ ਡਰੱਗ ਮਨੀ ਬਾਰਮਦ ਕੀਤੀ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਹੋਰ ਜਾਂਚ ਉਪਰੰਤ ਗੁਰਪ੍ਰੀਤ ਉਰਫ਼ ਗੋਪੀ (ਜੇਲ੍ਹ ਵਿੱਚ ਬੰਦ), ਜੋ ਜੇਲ੍ਹ ਤੋਂ ਮਾਡਿਊਲ ਚਲਾ ਰਿਹਾ ਸੀ, ਦੀ ਕੇਸ ਵਿੱਚ ਨਾਮਜ਼ਦਗੀ ਅਤੇ ਰਸਮੀ ਗ੍ਰਿਫ਼ਤਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸਦੇ ਖੁਲਾਸੇ ‘ਤੇ, ਉਸਦੇ ਸਾਥੀ ਸ਼ੰਕਰ ਕੁਮਾਰ, ਅਨੀਸ਼ ਉਰਫ਼ ਯੱਕੀ ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੰਕਰ ਕੁਮਾਰ ਦੇ ਖੁਲਾਸੇ ‘ਤੇ ਕਾਰਵਾਈ ਕਰਦਿਆਂ, 2 ਕਿਲੋ 3 ਗ੍ਰਾਮ ਹੈਰੋਇਨ ਦੀ ਹੋਰ ਬਰਾਮਦਗੀ ਕੀਤੀ ਗਈ।

ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਇੱਕ ਹੋਰ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਰੋਹਿਤ ਉਰਫ਼ ਡਾਕੂ ਨੂੰ ਇੱਕ .32 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ, ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ, ਜਿਹਨਾਂ ਵਿੱਚ ਪਹਿਲਾ ਮਾਮਲਾ ਐਫਆਈਆਰ ਨੰਬਰ 31 ਮਿਤੀ 18-02-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 21-ਸੀ ਅਤੇ ਅਸਲਾ ਐਕਟ ਦੀ ਧਾਰਾ 25(5, 6, 7) ਅਧੀਨ ਥਾਣਾ ਛਾਉਣੀ ਵਿਖੇ; ਦੂਜਾ ਮਾਮਲਾ ਐਫਆਈਆਰ ਨੰਬਰ 52 ਮਿਤੀ 20-02-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ, 21-ਸੀ, 27-ਏ ਅਤੇ 29 ਅਧੀਨ ਥਾਣਾ ਇਸਲਾਮਾਬਾਦ ਵਿਖੇ ਅਤੇ ਤੀਜਾ ਮਾਮਲਾ ਐਫਆਈਆਰ ਨੰਬਰ 28 ਮਿਤੀ 23-02-2026 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਵਿਖੇ ਦਰਜ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।