ਅੰਮ੍ਰਿਤਸਰ, 29 ਮਾਰਚ: ਦੇਸ਼ ਕਲਿੱਕ ਬਿਊਰੋ:
ਅੰਮ੍ਰਿਤਸਰ ਵਿੱਚ ਵੇਅਰਹਾਊਸ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਚ ਨਾਮ ਆਉਣ ਤੋਂ ਬਾਅਦ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਲਾਲਜੀਤ ਭੁੱਲਰ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭੁੱਲਰ ਨੂੰ ਮੁੜ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਦਿੱਤਾ ਸੀ। ਇਸ ਦੌਰਾਨ, ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ। ਵੇਅਰਹਾਊਸ ਡੀਐਮ ਰੰਧਾਵਾ ਨੇ 21 ਮਾਰਚ ਨੂੰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਇੱਕ ਵੀਡੀਓ ‘ਚ ਉਸ ਨੇ ਲਾਲਜੀਤ ਭੁੱਲਰ ‘ਤੇ ਇਲਜ਼ਾਮ ਲਾਏ ਸਨ।
ਪੁਲਿਸ ਨੇ ਲਾਲਜੀਤ ਭੁੱਲਰ, ਉਸਦੇ ਪਿਤਾ ਅਤੇ ਨਿੱਜੀ ਸਹਾਇਕ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ। ਹਾਲ ਹੀ ਵਿੱਚ, ਅੰਮ੍ਰਿਤਸਰ ਪੁਲਿਸ ਨੇ ਫਤਿਹਗੜ੍ਹ ਸਾਹਿਬ ਪੁਲਿਸ ਦੀ ਸਹਾਇਤਾ ਨਾਲ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ।



