- 10 ਅਪ੍ਰੈਲ ਦੀ ਮੀਟਿੰਗ ‘ਚ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਜਾ ਟਾਲਮਟੋਲ ਦੀ ਨੀਤੀ ਅਪਣਾਈ ਤਾਂ 11 ਅਪ੍ਰੈਲ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਤੇ ਪੰਜਾਬ ਸਰਕਾਰ ਦੇ ਫੂਕੇ ਜਾਣਗੇ ਪੁਤਲੇ : ਦਰਸ਼ਵੀਰ ਸਿੰਘ ਰਾਣਾ
ਫਤਿਹਗੜ ਸਾਹਿਬ, 5 ਅਪ੍ਰੈਲ (ਮਲਾਗਰ ਖਮਾਣੋਂ) –
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ , ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਅਧੀਨ ਇੱਕ ਵਰਕਰ ਦੇ ਰੂਪ ਵਿੱਚ ਪਿਛਲੇ 18-20 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਇੰਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਵੱਲੋਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮਨਵਾਉਣ ਲਈ ਲਾ ਮਿਸਾਲ ਸੰਘਰਸ਼ ਕੀਤੇ ਪਰ ਸਰਕਾਰਾਂ ਦੇ ਭਰੋਸੇ ਦੇ ਬਾਅਦ ਵੀ ਅੱਜ ਤੱਕ ਕੋਈ ਬੂਰ ਨਹੀਂ ਪਿਆ,ਜਿਸ ਕਰਕੇ ਵਰਕਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਵਰਕਰਾਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ ਪ੍ਰਪੋਜ਼ਲ ਪੰਜਾਬ ਸਰਕਾਰ ਨੂੰ ਪੇਸ਼ ਕਰ ਦਿੱਤੀ ਹੈ, ਜਿਸ ਸਬੰਧੀ ਜਥੇਬੰਦੀ ਨਾਲ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ,ਸਬ ਕਮੇਟੀ ਤੇ ਵਿਭਾਗੀ ਅਧਿਕਾਰੀਆਂ ਨਾਲ ਸੈਂਕੜੇ ਮੀਟਿੰਗ ਹੋ ਚੁੱਕੀਆਂ ਹਨ ਜਿਸ ਤੇ ਹਰ ਵਾਰ ਟਾਲਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ।
ਜਥੇਬੰਦੀ ਵੱਲੋਂ ਸੰਘਰਸ਼ ਨੂੰ ਤਿੱਖਾ ਰੂਪ ਦਿੰਦਿਆਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ 06 ਅਪ੍ਰੈਲ ਨੂੰ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਦਬਾਅ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ 10 ਅਪ੍ਰੈਲ 2026 ਨੂੰ ਸਬ ਕਮੇਟੀ ਪੰਜਾਬ ਸਰਕਾਰ ਸਮੇਤ ਵਿਭਾਗੀ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕੀਤੀ ਗਈ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੀਟਿੰਗ ਕਰਨ ਤੋਂ ਟਾਲਮਟੋਲ ਕੀਤਾ ਜਾ ਮੀਟਿੰਗ ਦੌਰਾਨ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂਭ ਲਗਾਤਾਰ ਵਾਅਦਾ ਖਿਲਾਫੀ ਸਮਝਦੇ ਹੋਏ 11 ਅਪ੍ਰੈਲ ਨੂੰ ਸੂਬੇ ਭਰ ‘ਚ ਜ਼ਿਲ੍ਹਾ ਪੱਧਰੀ ਤੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ ਉਪਰੰਤ ਤਿੱਖੇ ਤੇ ਆਰ-ਪਾਰ ਦੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਤੇ ਹਰਜਿੰਦਰ ਸਿੰਘ ਮਾਨ, ਸੂਬਾ ਵਿੱਤ ਸਕੱਤਰ ਬਲਜਿੰਦਰ ਸਿੰਘ ਸਮਾਣਾ, ਸੂਬਾ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਖਰਲ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਨਾਭਾ, ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੁਰਦਾਸਪੁਰ, ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਫਤਿਹਗੜ੍ਹ ਸਾਹਿਬ, ਸੂਬਾ ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ, ਸੂਬਾ ਜੁਆਇੰਟ ਪ੍ਰੈੱਸ ਸਕੱਤਰ ਬਲਵੀਰ ਸਿੰਘ ਹਿਰਦਾਪੁਰ, ਸੂਬਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਠਿੰਡਾ, ਜੁਆਇੰਟ ਵਿੱਤ ਸਕੱਤਰ ਜਸਵੀਰ ਸਿੰਘ ਮਾਨਸਾ ਆਦਿ ਹਾਜ਼ਰ ਸਨ।



