ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ

ਪੰਜਾਬ
  • ਪੰਜਾਬ ਸਰਕਾਰ ਵੱਲੋਂ 42 ਸਪੈਸ਼ਲ ਐਜੁਕੇਟਰ, 1 ਸਾਈਨ ਲੈਂਗਵੇਜ ਇੰਟਰਪ੍ਰੇਟਰ ਅਤੇ 48 ਅਨੁਵਾਦਕ ਪੈਨਲ ‘ਤੇ ਸ਼ਾਮਲ
  • ਬੱਚਿਆਂ ਦੇ ਪੁਨਰਵਾਸ ਅਤੇ ਪਰਿਵਾਰ ਨਾਲ ਮੁੜ ਜੋੜਨ ਦੀ ਪ੍ਰਕਿਰਿਆ ਹੋਵੇਗੀ ਹੋਰ ਮਜ਼ਬੂਤ : ਡਾ. ਬਲਜੀਤ ਕੌਰ

ਚੰਡੀਗੜ੍ਹ, 10 ਅਪ੍ਰੈਲ: ਦੇਸ਼ ਕਲਿੱਕ ਬਿਊਰੋ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋੜਵੰਦ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਭਲਾਈ ਲਈ ਇਕ ਹੋਰ ਮਨੁੱਖਤਾ-ਪੂਰਣ ਅਤੇ ਬਾਲ ਹਿਤੈਸ਼ੀ ਕਦਮ ਚੁੱਕਿਆ ਗਿਆ ਹੈ। ਬੱਚਿਆਂ ਲਈ ਗੱਲਬਾਤ ਦੀ ਸਹੂਲਤ ਯਕੀਨੀ ਬਣਾਉਣ ਅਤੇ ਭਾਸ਼ਾ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ 42 ਸਪੈਸ਼ਲ ਐਜੁਕੇਟਰ, 01 ਸਾਈਨ ਲੈਂਗਵੇਜ ਇੰਟਰਪ੍ਰੇਟਰ ਅਤੇ 48 ਅਨੁਵਾਦਕ ਪੈਨਲ ‘ਤੇ ਸ਼ਾਮਲ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਅਕਸਰ ਆਪਣੀਆਂ ਭਾਵਨਾਵਾਂ ਅਤੇ ਸਮੱਸਿਆਵਾਂ ਬਿਆਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸੰਭਾਲ ਅਤੇ ਪੁਨਰਵਾਸ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਹੁਣ ਇਹ ਮਾਹਿਰ ਬੱਚਿਆਂ ਅਤੇ ਚਾਈਲਡ ਭਲਾਈ ਅਥਾਰਟੀਆਂ ਵਿਚਕਾਰ ਸੰਚਾਰ ਨੂੰ ਆਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸਪੈਸ਼ਲ ਐਜੁਕੇਟਰ, ਸਾਈਨ ਲੈਂਗਵੇਜ ਇੰਟਰਪ੍ਰੇਟਰ ਅਤੇ ਅਨੁਵਾਦਕ ਬੱਚਿਆਂ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ, ਉਨ੍ਹਾਂ ਦੀ ਕੌਂਸਲਿੰਗ ਕਰਨ, ਪੁਨਰਵਾਸ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਜਾਂ ਸਰਪ੍ਰਸਤਾਂ ਨਾਲ ਮੁੜ ਜੋੜਣ ਵਿੱਚ ਸਹਾਇਤਾ ਪ੍ਰਦਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਬੱਚਿਆਂ ਦੀ ਸੁਰੱਖਿਆ ਹੀ ਨਹੀਂ, ਸਗੋਂ ਉਨ੍ਹਾਂ ਨੂੰ ਆਤਮ-ਵਿਸ਼ਵਾਸ ਨਾਲ ਅੱਗੇ ਵੱਧਣ ਲਈ ਸਹੀ ਮਾਹੌਲ ਪ੍ਰਦਾਨ ਕਰਨਾ ਵੀ ਹੈ। ਇਸ ਪਹਿਲ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਵੱਡੀ ਮਦਦ ਮਿਲੇਗੀ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਾਸ ਕਰਕੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਇਸ ਤਰ੍ਹਾਂ ਦੇ ਮਨੁੱਖਤਾ-ਪੂਰਣ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।