ਮਥੁਰਾ, 10 ਅਪ੍ਰੈਲ: ਦੇਸ਼ ਕਲਿੱਕ ਬਿਊਰੋ:
ਸ਼ੁੱਕਰਵਾਰ ਦੁਪਹਿਰ ਨੂੰ ਮਥੁਰਾ ਦੇ ਵ੍ਰਿੰਦਾਵਨ ਵਿੱਚ ਯਮੁਨਾ ਨਦੀ ਵਿੱਚ 30 ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਪਲਟ ਗਿਆ। ਇਸ ਹਾਦਸੇ ਵਿੱਚ ਦਸ ਸੈਲਾਨੀ ਡੁੱਬ ਗਏ। ਇਨ੍ਹਾਂ ਵਿੱਚ ਛੇ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਸਨ। ਸਵਾਰ ਸਾਰੇ ਸੈਲਾਨੀ ਪੰਜਾਬ ਤੋਂ ਆਏ ਸਨ। ਡੀਐਮ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼੍ਰੀਬੰਕੇ ਬਿਹਾਰ ਮੰਦਰ ਤੋਂ ਲਗਭਗ ਢਾਈ ਕਿਲੋਮੀਟਰ ਦੂਰ ਕੇਸੀ ਘਾਟ ‘ਤੇ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਮਦਦ ਮੰਗੀ ਗਈ ਹੈ।
ਪੰਜਾਹ ਸਥਾਨਕ ਗੋਤਾਖੋਰ ਵੀ ਖੋਜ ਕਾਰਜ ਵਿੱਚ ਲੱਗੇ ਹੋਏ ਹਨ। ਜ਼ਖਮੀਆਂ ਨੂੰ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਗਾਜ਼ੀਆਬਾਦ ਤੋਂ ਐਨਡੀਆਰਐਫ ਦੀ ਇੱਕ ਟੀਮ ਵੀ ਵ੍ਰਿੰਦਾਵਨ ਜਾ ਰਹੀ ਹੈ। ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਸੈਲਾਨੀ ਮਨੋਹਰ ਲਾਲ ਨੇ ਕਿਹਾ, “ਅਸੀਂ ਸਾਰੇ ਜਗਰਾਉਂ (ਲੁਧਿਆਣਾ) ਤੋਂ ਆਏ ਸੀ। ਤੇਜ਼ ਹਵਾ ਸੀ।” ਯਮੁਨਾ ਨਦੀ ਦੇ ਵਿਚਕਾਰ, ਸਟੀਮਰ ਅਚਾਨਕ ਤੇਜ਼ ਹਵਾ ਵਿੱਚ ਹਿੱਲਣ ਲੱਗ ਪਿਆ। ਇਸਦੀ ਰਫ਼ਤਾਰ ਵੀ ਵੱਧ ਗਈ। ਫਿਰ, ਇਹ ਇੱਕ ਪੋਂਟੂਨ ਪੁਲ ਨਾਲ ਟਕਰਾ ਗਿਆ ਅਤੇ ਪਲਟ ਗਿਆ।



