ਨਸ਼ੇ ਦੀ ਬਿਮਾਰੀ ਤੋਂ ਮੁਕਤੀ ਪਾ ਚੁੱਕੇ ਨੌਜਵਾਨ ਨਸ਼ਾ ਪੀੜਤਾਂ ਨੂੰ ਇਸ ਬਿਮਾਰੀ ਤੋਂ ਬਾਹਰ ਨਿਕਲਣ ਵਿੱਚ ਕਰਨਗੇ ਮਾਰਗਦਰਸ਼ਨ

ਪੰਜਾਬ

ਸ੍ਰੀ ਮੁਕਤਸਰ ਸਾਹਿਬ 19 ਮਾਰਚ, ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਵਿੱਚ ਹੁਣ ਸਮਾਜਿਕ ਭਾਗੀਦਾਰੀ ਵੀ ਵਧਣ ਲੱਗੀ ਹੈ । ਇਸ ਮੁਹਿੰਮ ਵਿੱਚ ਜ਼ਿਲ੍ਹੇ ਦੇ ਕੁਝ ਉਹ ਨੌਜਵਾਨ ਜੁੜਨ ਲੱਗੇ ਹਨ ਜੋ ਪਹਿਲਾਂ ਖੁਦ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਸਨ ਪਰ ਉਹਨਾਂ ਨੇ ਇਸ ਬਿਮਾਰੀ ਤੋਂ ਮੁਕਤੀ ਪਾ ਲਈ ਹੈ ਅਤੇ ਹੁਣ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਭਿਆਨ ਵਿੱਚ ਸ਼ਾਮਿਲ ਹੋ ਕੇ ਨਸ਼ਾ ਪੀੜਤਾਂ ਨੂੰ ਪ੍ਰੇਰਿਤ ਕਰਨਗੇ। ਇਸ ਸੰਬੰਧ ਵਿੱਚ ਇਹਨਾਂ ਨੌਜਵਾਨਾਂ ਦੇ ਇੱਕ ਸਮੂਹ ਦੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਹੋਈ ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਆਈਏਐਸ ਨੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਇਸ ਤੋਂ ਪੀੜਿਤ ਵਿਅਕਤੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਨਸ਼ੇ ਦਾ ਆਦੀ ਹੋ ਜਾਂਦਾ ਹੈ, ਜਦਕਿ ਆਤਮ ਵਿਸ਼ਵਾਸ, ਪ੍ਰੇਰਨਾ ਅਤੇ ਇਲਾਜ ਨਾਲ ਇਸ ਬਿਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ । ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਉਪਰਾਲੇ ਕਰ ਰਹੇ ਹਾਂ।

               ਇਸ ਮੌਕੇ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਣੇ ਅਨੁਭਵਾਂ ਰਾਹੀਂ ਉਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਜੋ ਨਸ਼ੇ ਦੀ ਅਲਾਮਤ ਵਿੱਚ ਫਸੇ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹ ਮੁੱਖ ਤੌਰ ਤੇ ਅਜਿਹੇ ਨੌਜਵਾਨਾਂ ਦੀ ਕਾਉਂਸਲਿੰਗ ਤੇ ਜੋਰ ਦੇਣਗੇ। ਇਹ ਨੌਜਵਾਨ ਆਪਣੇ ਆਪ ਨੂੰ ਰਿਕਵਰੀ ਏਜੰਟ ਦੱਸਦੇ ਹਨ ਜੋ ਕਿ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਹੌਸਲਾ ਅਤੇ ਆਤਮ ਵਿਸ਼ਵਾਸ ਦੇਣਗੇ ਕਿ ਜੇਕਰ ਅਸੀਂ ਇਸ ਬਿਮਾਰੀ ਤੋਂ ਮੁਕਤੀ ਪਾ ਸਕਦੇ ਹਾਂ ਤਾਂ ਤੁਸੀਂ ਵੀ ਇਸ ਬਿਮਾਰੀ ਤੋਂ ਮੁਕਤੀ ਪਾ ਸਕਦੇ ਹੋ।

 ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਐਸਪੀ ਸ੍ਰੀ ਕੰਵਲਪ੍ਰੀਤ ਸਿੰਘ ਚਹਿਲ, ਸਹਾਇਕ ਕਮਿਸ਼ਨਰ ਜਨਰਲ ਸ਼ਾਇਰੀ ਮਲਹੋਤਰਾ, ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ ਕੁੰਡਲ, ਡਿਪਟੀ ਡੀਓ ਅਜੇ ਸ਼ਰਮਾ, ਸਿਹਤ ਵਿਭਾਗ ਤੋਂ ਡਾ ਹਰਕੀਰਤਨ ਸਿੰਘ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।