ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਤੇ ਪੂਸਾ 144 ਕਿਸਮ ਉੱਪਰ ਪੂਰਨ ਪਾਬੰਦੀ

ਪੰਜਾਬ

ਫਰੀਦਕੋਟ 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ 

ਸਾਉਣੀ 2025 ਦੌਰਾਨ ਕਿਸਾਨਾਂ ਨੂੰ ਮਿਆਰੀ ਬੀਜ ਮੁਹਈਆ ਕਰਾਉਣ ਦੇ ਮੰਤਵ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਫਰੀਦਕੋਟ ਦੀ ਪ੍ਰਧਾਨਗੀ ਹੇਠ ਫਰੀਦਕੋਟ ਦੇ ਸਮੂਹ ਬੀਜ ਡੀਲਰਾਂ ਦੀ ਅਹਿਮ ਮੀਟਿੰਗ ਕੀਤੀ ਗਈ। 

ਇਸ ਮੌਕੇ ਡਾ ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਫਰੀਦਕੋਟ ਵੱਲੋਂ ਆਉਣ ਵਾਲੇ ਸਾਉਣੀ ਸੀਜਨ ਦੌਰਾਨ ਕਿਸਾਨਾਂ ਨੂੰ ਲੋੜੀਂਦੇ ਖੇਤੀ ਇਨਪੁਟਸ ਖਾਸ ਕਰ ਕੇ ਬੀਜ਼ਾਂ ਦੀ ਉਲਬਧਤਾ ਸਬੰਧੀ ਸਮੂਹ ਡੀਲਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਾਉਣੀ-2025 ਦੌਰਾਨ ਸੂਬੇ ‘ਚ ਝੋਨੇ ਦੀ ਕਿਸਮ ਪੂਸਾ-44 ਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਅਤੇ ਬਿਜਾਈ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਗੈਰ -ਪ੍ਰਮਾਣਿਤ ਕਿਸਮਾਂ ਦੀ ਚੌਲਾਂ ਦੀ ਰਿਕਵਰੀ ਵੀ ਘੱਟ ਹੈ, ਜਿਸ ਕਾਰਨ ਇਹ ਕਿਸਮਾਂ ਸ਼ੈਲਰਾਂ ਵਿੱਚ ਸਰਕਾਰ ਵੱਲੋ ਰੱਖੇ ਮਾਪਦੰਡ ਤੇ ਖਰੀਆਂ ਨਹੀ ਉੱਤਰਦੀਆਂ । 

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੱਕਣ ਵਿਚ ਵੱਧ ਸਮਾਂ ਲੈਣ ਵਾਲੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰਨ ਤੇ ਲਗਾਈ ਪਾਬੰਦੀ ਕਾਰਨ ਕੋਈ ਵੀ ਬੀਜ ਵਿਕਰੇਤਾ ਗੈਰ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵਿੱਕਰੀ ਨਾਂ ਕਰਨ, ਜੇਕਰ ਕੋਈ ਵੀ ਬੀਜ ਵਿਕਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿੱਕਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀ ਸ਼ੁਦਾ ਕਿਸਮਾਂ ਦੀ ਵਿੱਕਰੀ ਰੋਕਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਦੁਕਾਨਦਾਰ ਪਾਬੰਦੀਸ਼ੁਦਾ ਕਿਸਮਾਂ ਦੀ ਵਿੱਕਰੀ ਨਾਂ ਕਰੇ ਅਤੇ ਕਿਸਾਨਾਂ ਨੂੰ ਬੀਜ ਦੀ ਵਿੱਕਰੀ ਉਪਰੰਤ ਬਿੱਲ ਜ਼ਰੂਰ ਦੇਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬੀਜ ਦੀ ਖ਼ਰੀਦ ਕਰਨ ਸਮੇਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿਚ ਮੁੱਖ ਖੇਤੀਬਾੜੀ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਜਾਵੇ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਫਰੀਦਕੋਟ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਫਰੀਦਕੋਟ ਵਿਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 1 ਜੂਨ ਤੋਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126, 127, 128, 129, 130, 131 ਅਤੇ 132 ਦੀ ਬਿਜਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹਨ।

 ਡਾ. ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ-2025 ਸੀਜਨ ਦੌਰਾਨ ਪੀ.ਏ.ਯੂ. ਲੁਧਿਆਣਾ ਵੱਲੋਂ ਵਿਕਸਿਤ ਕੀਤੀਆਂ ਘੱਟ ਸਮਾਂ ਲੈਣ ਵਾਲੀਆਂ ਪਰਮਲ ਕਿਸਮਾਂ ਨੂੰ ਵੱਧ ਤੋ ਵੱਧ ਰਕਬੇ ਵਿੱਚ ਲਗਾਉਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕੇ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੀ.ਆਰ. 126 ਕਿਸਮ ਦੀ 25-30 ਦਿਨ ਦੀ ਪਨੀਰੀ ਲਗਾਉਣ ਤੋ ਬਾਅਦ 93 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪਰਾਲੀ ਵੀ ਘੱਟ ਬਣਦੀ ਹੈ, ਜਿਸ ਦਾ ਆਸਾਨੀ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਕਿਸਮ ਨੂੰ ਖੇਤ ਵਿੱਚ ਲਗਾਉਣ ਲਈ 10 ਤੋ 15 ਜੁਲਾਈ ਦਾ ਸਮਾਂ ਸਭ ਤੋਂ ਢੁੱਕਵਾ ਹੈ। 15 ਜੁਲਾਈ ਤੋਂ ਬਾਅਦ ਖੇਤਾਂ ਵਿੱਚ ਲਗਾਉਣ ਨਾਲ ਇਸ ਵਿੱਚ ਨਮੀ ਦੀ ਮਾਤਰਾ ਵੀ ਸਹੀ ਨਹੀ ਰਹਿੰਦੀ, ਜਿਸ ਕਾਰਨ ਇਸ ਨੂੰ ਵੇਚਣ ਵਿੱਚ ਸਮੱਸਿਆ ਆਉਂਦੀ ਹੈ। ਡਾ ਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਸਮੂਹ ਡੀਲਰ ਭਾਈਚਾਰੇ ਨੂੰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੰਗ ਨਾ ਲਗਾਉਣ ਸਬੰਧੀ ਪ੍ਰੇਰਿਤ ਕਰਨ ਬਾਰੇ ਵੀ ਕਿਹਾ ਗਿਆ, ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ‘ਚ ਅਹਿਮ ਯੋਗਦਾਨ ਪਾਇਆ ਜਾ ਸਕੇ।

 ਡਾ ਹਰਿੰਦਰਪਾਲ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ (ਬੀਜ) ਵੱਲੋਂ ਸਮੂਹ ਬੀਜ ਵਿਕਰੇਤਾਵਾਂ ਨੂੰ ਸਾਥੀ ਪੋਰਟਲ ਸਬੰਧੀ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ ਅਤੇ ਨਾਲ ਹੀ ਬੀਜ ਲਾਇਸੈਂਸਾਂ ‘ਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਨੁਕਤੇ ਸਾਂਝੇ ਕੀਤੇ ਗਏ। 

ਇਸ ਮੌਕੇ ਡਾ. ਨਵਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਜਗਮੀਤ ਸਿੰਘ ਅਤੇ ਕੁਲਵੰਤ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਸਮੂਹ ਬੀਜ ਵਿਕਰੇਤਾ ਵੀ ਹਾਜ਼ਰ ਸਨ।

Published on: ਅਪ੍ਰੈਲ 18, 2025 3:24 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।