ਜ਼ੀਰਕਪੁਰ (ਮੋਹਾਲੀ), 30 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਸੂਬੇ ਵਿੱਚ ਚੱਲ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਹਿੱਸੇ ਵਜੋਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਹਲਕੇ ਦੇ ਛੇ ਸਰਕਾਰੀ ਸਕੂਲਾਂ ਵਿੱਚ 01 ਕਰੋੜ 11 ਲੱਖ 57 ਹਜ਼ਾਰ 900 ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਵਿਦਿਅਕ ਬੁਨਿਆਦੀ ਸਹੂਲਤਾਂ ਦੇ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਹੈ।
ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਅੱਪਗ੍ਰੇਡ ਕੀਤੇ ਗਏ, ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਤਬਦੀਲੀ ਆਈ ਹੈ।
ਜ਼ੀਰਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢਕੋਲਾ ਵਿਖੇ 12 ਲੱਖ 6 ਹਜਾਰ ਦੀ ਲਾਗਤ ਨਾਲ ਤਿੰਨ ਆਧੁਨਿਕ ਕਲਾਸ ਰੂਮ ਅਪਗ੍ਰੇਡ ਤੇ ਹੋਰ ਸਕੂਲੀ ਕੰਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਜ਼ੀਰਕਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਢਕੋਲੀ ਵਿਖੇ 15 ਲੱਖ 2 ਹਜਾਰ ਦੀ ਲਾਗਤ ਨਾਲ ਤਿੰਨ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਇਸੇ ਤਰ੍ਹਾਂ, ਪਿੰਡ ਬਲਟਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਵਿੱਚ 45 ਲੱਖ 92 ਹਜਾਰ 900 ਰੁਪਏ ਦੇ ਵਿਕਾਸ ਕਾਰਜ, ਜਿਨ੍ਹਾਂ ਵਿੱਚ ਪੰਜ ਆਧੁਨਿਕ ਕਲਾਸ ਰੂਮ ਅਤੇ ਚਾਰਦੀਵਾਰੀ ਅਤੇ ਹੋਰ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਇਸ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਜੀਰਕਪੁਰ ਵਿਖੇ 10 ਲੱਖ 68 ਹਜਾਰ ਦੋ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ, ਇਸੇ ਤਰ੍ਹਾ ਹੀ ਜੀਰਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨਗਲਾ ਵਿਖੇ 18.34 ਲੱਖ ਦੀ ਲਾਗਤ ਨਾਲ ਦੋ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਅੰਤ ਵਿੱਚ ਹਲਕਾ ਵਿਧਾਇਕ ਰੰਧਾਵਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕਿਸ਼ਨਪੁਰਾ ਵਿਖੇ 9.55 ਲੱਖ ਦੀ ਲਾਗਤ ਨਾਲ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਇਨ੍ਹਾਂ ਸਕੂਲਾਂ ਵਿੱਚ ਫੇਰੀ ਦੌਰਾਨ ਸ੍ਰੀ ਰੰਧਾਵਾ ਵੱਲੋਂ ਦੱਸਿਆ ਗਿਆ ਕਿ ਢਕੋਲੀ ਸਕੂਲ ਵਿਖੇ 8 ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ ਅਤੇ ਕਿਸ਼ਨਪੁਰਾ ਸਕੂਲ ਵਿਖੇ ਤਿੰਨ ਅਧਿਆਪਕਾਂ ਨੂੰ ਕੱਚੇ ਤੋਂ ਪੱਕੇ ਕੀਤਾ ਗਿਆ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਪਿੰਡ ਨੂੰ ਨਸ਼ਾ ਮੁਕਤ ਕਰਨ, ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਹਰ ਇੱਕ ਵਿਅਕਤੀ ਨੂੰ ਇੱਕ ਰੁੱਖ ਲਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਰੋਕਿਆਂ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨ੍ਵੰ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਵੱਲ ਅਤੇ ਖੇਡਾਂ ਵੱਲ ਵਧੇਰੇ ਧਿਆਨ ਦੇਣ ਲਈ ਕਿਹਾ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ, ਪਿੰਡਾਂ ਦੇ ਪੰਚ-ਸਰਪੰਚ, ਕਮੇਟੀ ਪ੍ਰਧਾਨ, ਐਮ ਸੀਜ਼, ਪਾਰਟੀ ਦੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਸ਼ਾਮਲ ਸਨ।
Published on: ਅਪ੍ਰੈਲ 30, 2025 6:25 ਬਾਃ ਦੁਃ