ਸਰਕਾਰੀ ਸਕੂਲ ਵਿੱਚ ਹੀ ਇਕ ਅਧਿਆਪਕ ਨੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।
ਚੰਡੀਗੜ੍ਹ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਸਕੂਲ ਵਿੱਚ ਹੀ ਇਕ ਅਧਿਆਪਕ ਨੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਅਧਿਆਪਕ ਵੱਲੋਂ ਸਕੂਲ ਸਟਾਫ ਉਤੇ ਗੰਭੀਰ ਦੋਸ਼ ਲਗਾਏ ਗਏ ਹਨ। ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੌਕੇ ਉਤੇ ਇਕ 8 ਪੰਨਿਆਂ ਦਾ ਸੁਸਾਇਡ ਨੋਟ ਮਿਲਿਆ ਹੈ। ਇਸ ਨੋਟ ਵਿੱਚ ਅਧਿਆਪਕ ਨੇ ਖੋਰੀ ਖੁਰਦ ਦੇ ਸਕੂਲ ਵਿੱਚ ਆਪਣੇ ਸਟਾਫ ਉਤੇ ਹੀ ਗੰਭੀਰ ਦੋਸ਼ ਲਗਾਏ ਹਨ। ਮਿਲੇ ਸੁਸਾਇਡ ਨੋਟ ਦੇ ਆਧਾਰ ਉਤੇ ਪੁਲਿਸ ਨੇ ਸਦਰ ਤੌਰੂ ਥਾਣੇ ਵਿੱਚ ਅੱਠ ਅਧਿਆਪਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਪੁਲਿਸ ਮੁਤਾਬਕ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਮਾਜਰਾ ਦੇ ਰਹਿਣ ਵਾਲਾ ਜੈਪਾਲ ਸਰਕਾਰੀ ਸਕੂਲ ਖੋਰੀ ਖੁਰਦ ਵਿਖੇ ਬਤੌਰ ਜੇਬੀਟੀ ਅਧਿਆਪਕ ਵਜੋਂ ਕੰਮ ਕਰਦੇ ਸਨ।
ਇਹ ਵੀ ਪੜ੍ਹੋ: ਪੰਜਾਬ ‘ਚ ਦੋ ਜਾਸੂਸ ਗ੍ਰਿਫ਼ਤਾਰ
ਨੂੰਹ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਕੈਂਪਸ ਵਿੱਚ ਦਰਖਤਾਂ ਦੀ ਕਟਾਈ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਜੈਪਾਲ ਅਤੇ ਉਸਦੇ ਸਹਿਕਰਮੀਆਂ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਸੀ। ਸ਼ਨੀਵਾਰ ਨੂੰ ਜੈਪਾਲ ਨੇ ਸਕੂਲ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੂੰ ਜੈਪਾਲ ਕੋਲੋਂ ਇਕ ਸੁਸਾਇਡ ਨੋਟ ਮਿਲਿਆ ਹੈ। ਇਸ ਨੋਟ ਵਿੱਚ ਅੱਠ ਅਧਿਆਪਕਾਂ ਉਤੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਸੁਸਾਇਡ ਨੋਟ ਦੇ ਆਧਾਰ ਉਤੇ 8 ਅਧਿਆਪਕਾਂ ਖਿਲਾਫ ਐਫਆਰਆਈ ਦਰਜ ਕਰ ਲਈ ਹੈ। ਅਗਲੀ ਜਾਂਚ ਕੀਤੀ ਜਾ ਰਹੀ ਹੈ।