ਭਾਈ ਰਾਜੋਆਣਾ ਮਾਮਲੇ ’ਚ ਪਟੀਸ਼ਨ ਵਾਪਸ ਲੈਣ ਸਬੰਧੀ ਕੌਮੀ ਰਾਏ ਲਵੇਗੀ ਸ਼੍ਰੋਮਣੀ ਕਮੇਟੀ: ਐਡਵੋਕੇਟ ਧਾਮੀ

Published on: May 5, 2025 4:38 pm

ਪੰਜਾਬ

ਅੰਮ੍ਰਿਤਸਰ, 5 ਮਈ- ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸੰਨ 2012 ’ਚ ਪਾਈ ਗਈ ਪਟੀਸ਼ਨ ਵਾਪਸ ਲੈਣ ਸਬੰਧੀ ਫੈਸਲਾ ਕਰਨ ਲਈ ਕੌਮੀ ਰਾਏ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸਿੱਖ ਪੰਥ ਦੀਆਂ ਪ੍ਰਤੀਨਿਧ ਜਥੇਬੰਦੀਆਂ ਦੇ ਆਗੂਆਂ ਨਾਲ ਇਕੱਤਰਤਾ ਕਰਕੇ ਪਟੀਸ਼ਨ ਉੱਤੇ ਵਿਚਾਰ-ਵਟਾਂਦਰਾ ਕੀਤਾ। ਇਕੱਤਰਤਾ ਮਗਰੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਕੁਝ ਹੋਰ ਸੰਪ੍ਰਦਾਵਾਂ ਦੇ ਨੁਮਾਇੰਦਿਆਂ ਨਾਲ ਅੱਜ ਕੀਤੀ ਬੈਠਕ ਵਿਚ ਸਾਂਝਾ ਸੁਝਾਅ ਪ੍ਰਾਪਤ ਹੋਇਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਪਟੀਸ਼ਨ ਵਾਪਸੀ ਦੇ ਫੈਸਲੇ ਲਈ ਕੌਮ ਦੀ ਆਮ ਰਾਏ ਬੇਹੱਦ ਲਾਜ਼ਮੀ ਹੈ। ਇਸ ਦੇ ਮੱਦੇਨਜ਼ਰ ਪੂਰੇ ਵਿਸ਼ਵ ਦਾ ਨੁਮਾਇੰਦਾ ਸਿੱਖ ਇਕੱਠ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਭਾਈ ਰਾਜੋਆਣਾ ਨਾਲ ਮੁਲਾਕਾਤ ਸਮੇਂ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਆਖਿਆ ਸੀ ਅਤੇ ਇਸ ਸਬੰਧੀ ਬਿਨਾ ਦੇਰੀ ਫੈਸਲਾ ਲੈਣ ਦੀ ਗੱਲ ਕੀਤੀ ਸੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੌਮੀ ਅਵਾਜ਼ ਦੇ ਮੱਦੇਨਜ਼ਰ ਪਟੀਸ਼ਨ ਦਾਇਰ ਕੀਤੀ ਸੀ, ਪਰੰਤੂ ਦੁੱਖ ਦੀ ਗੱਲ ਹੈ ਕਿ ਲੰਮਾਂ ਸਮਾਂ ਬੀਤਣ ਬਾਅਦ ਵੀ ਸਰਕਾਰ ਇਸ ’ਤੇ ਨਕਾਰਾਤਮਕ ਰਵੱਈਆ ਅਖ਼ਤਿਆਰ ਕਰੀ ਬੈਠੀ ਹੈ। ਉਨ੍ਹਾਂ ਆਖਿਆ ਕਿ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਵੀ ਗ਼ਲਤ ਨਹੀਂ ਹਨ, ਕਿਉਂਕਿ ਉਹ ਆਪਣੇ ਇਰਾਦੇ ਅਤੇ ਨਿਸ਼ਾਨੇ ਪ੍ਰਤੀ ਦ੍ਰਿੜ੍ਹ ਹਨ, ਪ੍ਰੰਤੂ ਪਟੀਸ਼ਨ ਦਾ ਮਾਮਲਾ ਹੁਣ ਇਕੱਲਾ ਹੁਣ ਸ਼੍ਰੋਮਣੀ ਕਮੇਟੀ ਦਾ ਨਹੀਂ ਬਲਕਿ ਸਮੁੱਚੇ ਸਿੱਖ ਪੰਥ ਦਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਫੈਸਲਾ ਲੈਣ ਲਈ ਸ਼੍ਰੋਮਣੀ ਕਮੇਟੀ ਪੰਥ ਦੀ ਰਾਏ ਤੋਂ ਬਿਨਾ ਅੱਗੇ ਨਹੀਂ ਵੱਧ ਸਕਦੀ। ਇਸੇ ਤਹਿਤ ਹੀ ਅੱਜ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਜਿਨ੍ਹਾਂ ਦੇ ਸੁਝਾਅ ਅਨੁਸਾਰ ਜਲਦ ਹੀ ਸਿੱਖ ਕੌਮ ਦਾ ਨੁਮਾਇੰਦਾ ਇਕੱਠ ਬੁਲਾਇਆ ਜਾਵੇਗਾ। ਕਿਉਂਕਿ ਇਹ ਮਾਮਲਾ ਕੌਮੀ ਭਾਵਨਾਵਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਇਸ ਵਾਸਤੇ ਸਾਰੀਆਂ ਧਾਰਮਿਕ, ਰਾਜਸੀ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਰਾਏ ਸੰਗ੍ਰਹਿਤ ਕੀਤੀ ਜਾਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਕੌਮਾਂਤਰੀ ਪੱਧਰ ਦੀ ਸਿੱਖ ਰਾਏ ਬਣਾਉਣ ਵਾਸਤੇ ਸੁਝਾਅ ਵੀ ਮੰਗੇ ਜਾਣਗੇ। ਇਹ ਸਮੁੱਚਾ ਕਾਰਜ ਬਿਨਾ ਦੇਰੀ ਥੋੜ੍ਹੇ ਸਮੇਂ ਅੰਦਰ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲਗਾਤਾਰ ਕਾਰਜ ਕਰ ਰਹੀ ਹੈ, ਪ੍ਰੰਤੂ ਸਰਕਾਰਾਂ ਦਾ ਅੜੀਅਲ ਰਵੱਈਆ ਕੌਮ ਵਿਰੋਧੀ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਦਾ ਮਾਮਲਾ ਕਿਉਂਕਿ ਪਟੀਸ਼ਨ ਨਾਲ ਜੁੜਿਆ ਹੋਇਆ ਹੈ ਇਸ ਲਈ ਕੋਈ ਫੈਸਲਾ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਸਿਆਸਤ ਤੋਂ ਉੱਪਰ ਉਠ ਕੇ ਹਰ ਧਿਰ ਤੱਕ ਪਹੁੰਚ ਕਰੇਗੀ। ਇਹ ਸਰਬਸਾਂਝਾ ਪੰਥਕ ਕਾਰਜ ਹੈ, ਜਿਸ ਵਾਸਤੇ ਹਰ ਸੁਹਿਰਦ ਸਿੱਖ ਅਤੇ ਜਥੇਬੰਦੀ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਪੁੱਜਣ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਗੰਭੀਰ ਮਾਮਲੇ ਪ੍ਰਤੀ ਇਸੇ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਤੇ ਗਿਆਨੀ ਬਲਜੀਤ ਸਿੰਘ, ਦਲ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵੱਲੋਂ ਸ. ਦਿਲਜੀਤ ਸਿੰਘ ਬੇਦੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਟਕਸਾਲ ਦੇ ਬੁਲਾਰੇ ਬਾਬਾ ਸੁਖਦੇਵ ਸਿੰਘ, ਕਾਰ ਸੇਵਾ ਸੰਪ੍ਰਦਾ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ, ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਬਾਬਾ ਨਾਹਰ ਸਿੰਘ ਸਾਧ ਜੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜੈਬ ਸਿੰਘ ਅਭਿਆਸੀ, ਸ. ਗੁਰਲਾਲ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਹਰਪਾਲ ਸਿੰਘ ਜੱਲ੍ਹਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਇੰਚਾਰਜ ਸ. ਅਜ਼ਾਦਦੀਪ ਸਿੰਘ ਆਦਿ ਮੌਜੂਦ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।