ਜੰਗ ਖ਼ੁਦ ਹੀ ਮਸਲਾ ਹੈ; ਮਸਲੇ ਦਾ ਹੱਲ ਨਹੀਂ: ਦੇਸ਼ ਭਗਤ ਯਾਦਗਾਰ ਕਮੇਟੀ

Published on: May 7, 2025 8:16 pm

ਪੰਜਾਬ

ਦਲਜੀਤ ਕੌਰ 

ਚੰਡੀਗੜ੍ਹ/ਜਲੰਧਰ, 7 ਮਈ, 2025: “ਚੜ੍ਹਦੇ ਅਤੇ ਲਹਿੰਦੇ ਸਾਂਝੇ ਪੰਜਾਬ ਦੇ ਆਵਾਮ ਦੇ ਦੇਸ਼ ਭਗਤ ਪ੍ਰਤੀਨਿੱਧਾਂ ਵੱਲੋਂ ਆਜ਼ਾਦੀ ਅਤੇ ਅਮਨ ਦੀਆਂ ਬਹਾਰਾਂ ਮਾਨਣ ਲਈ 1913 ‘ਚ ਅਮਰੀਕਾ ਵਿਖੇ ਸਿਰਜੀ ਗ਼ਦਰ ਪਾਰਟੀ ਦੇ ਵਾਰਸਾਂ ਵੱਲੋਂ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਚੇਤਨਾ ਦੇ ਚਾਨਣ ਦਾ ਛੱਟਾ ਦੇਣ ਲਈ ਬਣਾਈ ਇਬਾਦਤਗਾਹ, ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਬੰਧਕ ਅਤੇ ਸੇਵਾਦਾਰ, ਦੇਸ਼ ਭਗਤ ਯਾਦਗਾਰ ਕਮੇਟੀ ਨੇ ਲੋਕ- ਮਾਰੂ ਜੰਗ ਦੇ ਭਾਂਬੜ ਬਾਲੇ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਲੋਕਾਂ ਦੇ ਖਿਲਾਫ਼ ਨਿਹੱਕੀ ਜੰਗ ਹੈ, ਜਿਸਦਾ ਹਰ ਮਾਨਵ ਦਰਦੀ, ਇਨਸਾਫ਼ ਅਤੇ ਅਮਨ ਪਸੰਦ ਵਿਅਕਤੀ ਨੂੰ ਬੇਖੌਫ਼ ਹੋ ਕੇ ਵਿਰੋਧ ਕਰਨ ਦੀ ਲੋੜ ਹੈ”।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਰੀ ਕੀਤੇ ਲਿਖਤੀ ਬਿਆਨ ‘ਚ ਉਪਰੋਕਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਮੇਟੀ ਪਹਿਲੇ ਦਿਨ ਤੋਂ ਹੀ ਪਹਿਲਗਾਮ ਦੀ ਹਿਰਦੇਵੇਦਕ ਘਟਨਾ ਦੀ ਕਰੜੀ ਨਿੰਦਾ ਕਰਦੇ ਹੋਏ ਮੁਜ਼ਰਿਮਾਂ ਦੀ ਪੈੜ ਜਨਤਾ ਦੀ ਨਜ਼ਰ ਕਰਨ ਦੀ ਮੰਗ ਕਰਦੀ ਆ ਰਹੀ ਹੈ। ਕਮੇਟੀ ਦਾ ਵਿਚਾਰ ਹੈ ਕਿ ਲੋਕਾਂ ਦੇ ਸੰਦੇਹ ਅਤੇ ਮੂੰਹ ਫੱਟ ਬਿਆਨਾਂ ਦਾ ਤਸੱਲੀਬਖ਼ਸ਼ ਜਵਾਬ ਦੇਣ ਦੀ ਭਾਜਪਾ ਹਕੂਮਤ ਦੀ ਨੈਤਿਕ ਜ਼ਿੰਮੇਵਾਰੀ ਹੈ। ਉਸ ਪਾਸੇ ਇੱਕ ਵੀ ਕਦਮ ਪੁੱਟਣ ਦੀ ਬਜਾਏ ਉਲਟਾ ਅੱਧੀ ਰਾਤ ਪਾਕਿਸਤਾਨ ਤੇ ਕੀਤੇ ਮਿਜ਼ਾਇਲ ਹਮਲੇ ਦਾ ਜਸ਼ਨ ਮਨਾਉਣ ਅਤੇ ਕੌਮੀ ਅੰਧ ਰਾਸ਼ਟਰਵਾਦ ਦੀ ਧੂਣੀ ਉਪਰ ਤੇਲ ਛਿੜਕਣ ਲਈ ਸਭਨਾਂ ਸ਼ਕਤੀਆਂ ਨੂੰ ਥਾਪੜਾ ਦਿੱਤਾ ਜਾ ਰਿਹਾ ਹੈ। ਇਹ ਅੰਨ੍ਹੀ ਦੌੜ, ‘ਅੱਖ ਕੱਢਣ ਬਦਲੇ ਅੱਖ ਕੱਢਣ’ ਦੀ ਅੰਨ੍ਹੀ ਦੌੜ ‘ਚ ਗ਼ਲਤਾਨ ਹੋ ਕੇ ਅੰਨਿਆਂ ਦਾ ਸੰਸਾਰ ਬਣਾ ਧਰਨਾ ਹੋਏਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦਾ ਸਾਫ਼ ਅਤੇ ਸਪੱਸ਼ਟ ਵਿਚਾਰ ਹੈ ਕਿ ਕੇਂਦਰ ਦੀ ਭਾਜਪਾ ਹਕੂਮਤ ‘ਵਿਸ਼ਵ ਦੇ ਥਾਣੇਦਾਰ’ ਹੋਣ ਦੇ ਹੰਕਾਰ ‘ਚ ਗਲਤਾਨ ਤਾਕਤਾਂ ਦੇ ਇਸ਼ਾਰਿਆਂ ‘ਤੇ ਉਹਨਾਂ ਦੇ ਆਰਥਕ, ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਅਤੇ ਮੁਲਕ ਦੇ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਲਈ ਰਾਹ ਪੱਧਰਾ ਕਰਨ ਵਾਸਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਲੋਕਾਂ ਦੀ ਸੁਰਤੀ ਜੰਗ ਦੇ ਝੱਖੜਾਂ ਵਿੱਚ ਰੋਲ਼ ਦੇਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਕੇਂਦਰੀ ਹਕੂਮਤ ਅਤੇ ਪੁਲਸ ਰਾਜ ਬਣਾ ਧਰਨ ਲਈ ਪੰਜਾਬ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਅੱਗੇ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ ਆਦਿ ਸਭ ਸਾਧਨ ਅਤੇ ਕੁਦਰਤੀ ਅਨਮੋਲ ਸਰੋਤ ਪਰੋਸਣ ਲਈ ਲੋਕਾਂ ਖ਼ਿਲਾਫ਼ ਜੰਗ ਛੇੜ ਰੱਖੀ ਹੈ। ਜੰਗ ਰਾਹੀਂ ਅੰਧ ਰਾਸ਼ਟਰਵਾਦ ਦੀ ਗਰਦੋ ਗੁਬਾਰ ਦਾ ਓਹਲਾ ਕਰਕੇ ਲੋਕਾਂ ਦਾ ਧਿਆਨ ਆਪਣੀਆਂ ਹਕੀਕੀ ਮੰਗਾਂ ਮਸਲਿਆਂ ਤੋਂ ਹਟਾ ਕੇ ਬੱਸ ਜੰਗ ਦੇ ਧੂੰਏ ਵਿੱਚ ਬਦਲ ਦੇਣ ਦਾ ਮਨਸੂਬਾ ਹੈ।

ਕਮੇਟੀ ਨੇ ਰੋਸ ਪ੍ਰਗਟਾਇਆ ਹੈ ਕਿ ਪਹਿਲਗਾਮ ‘ਚ ਪਹਿਲਾਂ ਤਾਂ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕਰਨਾ, ਫ਼ਿਰ ਘਟਨਾ ਉਪਰੰਤ ਘੰਟਿਆਂ ਬੱਧੀ ਲੋਕਾਂ ਦੀ ਹਾਹਾਕਾਰ ਨਾ ਸੁਣਨਾ, ਪ੍ਰਧਾਨ ਮੰਤਰੀ ਦਾ ਜਵਾਬਦੇਹ ਨਾ ਹੋਣਾ ਅਤੇ ਅੱਜ ਪੂਰੀ ਫੁਰਤੀ ਨਾਲ ‘ਕੌਮ ਦੇ ਨਾਮ ਸੰਦੇਸ਼’ ਦਿੰਦੇ ਹੋਏ ਅੰਧਰਾਸ਼ਟਰਵਾਦ ਅਤੇ ਫ਼ਿਰਕੂ ਮਾਹੌਲ ਬਣਾ ਧਰਨ ਲਈ ਗੈਰ ਜਿੰਮੇਵਾਰਾਨਾ ਟਿੱਪਣੀਆਂ ਕਰਨਾ ਲੋਕ ਮਨਾਂ ਅੰਦਰ ਉੱਗੀਆਂ ਸ਼ੰਕਾਵਾਂ ਨੂੰ ਹੀ ਹੋਰ ਪੱਕਾ ਕਰਦੀ ਹੈ ਕਿ ਪਹਿਲਗਾਮ ਦੇ ਦਰਦਨਾਕ ਕਾਂਡ ਦੀ ਸਕਰਿਪਟ ਦਾ ਅਸਲ ਸੱਚ ਕੀ ਹੈ!

ਕਮੇਟੀ ਦਾ ਕਹਿਣਾ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਜੰਗ ਤਾਂ ਖ਼ੁਦ ਹੀ ਇੱਕ ਮਸਲਾ ਹੈ। ਇਸ ਲਈ ਜੰਗ ਦਾ ਮਾਹੌਲ ਤੁਰੰਤ ਬੰਦ ਕੀਤਾ ਜਾਏ, ਹਮਲਾ ਜਾਂ ਸਰਹੱਦਾਂ ਤੇ ਕਿਸੇ ਵੀ ਪਾਸੇ ਤੋਂ ਗੋਲਾਬਾਰੀ ਹੋਣਾ ਕਦਾਚਿਤ ਹੀ ਕਿਸੇ ਸਮੱਸਿਆ ਦੀ ਗੁੱਥੀ ਸੁਲਝਾਉਣਾ ਨਹੀਂ ਸਗੋਂ ਸਮੱਸਿਆਵਾਂ ਨੂੰ ਜਰਬਾਂ ਦੇਣਾ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਤੁਰੰਤ ਹੀ ਅਮਨ ਦੇ ਕਬੂਤਰ ਅੰਬਰਾਂ ‘ਤੇ ਛੱਡੇ ਜਾਣ ਨਾ ਕਿ ਕਰੋਨਾ ਵੇਲੇ ਥਾਲੀਆਂ ਖੜਕਾਉਣ ਵਾਂਗ ‘ਖ਼ਤਰੇ ਦੇ ਘੁੱਗੂ,’ ਬਲੈਕ ਆਊਟ ਦੀਆਂ ਡਰਿਲਾਂ ਕਰਕੇ ਸਮਾਜ ਅੰਦਰ ਭੈਅ ਦਾ ਮਾਹੌਲ ਸਿਰਜਕੇ, ਆਪਣੀਆਂ ਲੋਕ- ਦੋਖੀ ਨੀਤੀਆਂ ਦਾ ਬੁਲਡੋਜ਼ਰ ਲੋਕਾਂ ਉਪਰ ਚਾੜ੍ਹਨ ਲਈ ਜੰਗ ਦੇ ਸੰਘਣੇ ਧੂੰਏਂ ਵਿੱਚ ਲੋਕਾਂ ਨੂੰ ਭਟਕਾਉਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਰਾਹ ਮੋਕਲਾ ਕੀਤਾ ਜਾਏ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।