ਦਲਜੀਤ ਕੌਰ
ਲਹਿਰਾ, 12 ਮਈ, 2025: ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ, ਜਿਸ ਦੀ ਲੜੀ ਵਜੋਂ ਲਹਿਰਾ ਹਲਕੇ ਵਿੱਚ ਵੀ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਲਹਿਰਾ ਸ਼ਹਿਰ ਨੂੰ ਅੱਤ ਆਧੁਨਿਕ ਲੀਹਾਂ ਉੱਤੇ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਹਲਕਾ ਇੱਕ ਮਾਡਲ ਹਲਕੇ ਵਜੋਂ ਉਭਰ ਕੇ ਸਾਹਮਣੇ ਆਵੇਗਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਅਤੇ ਨਹਿਰੀ ਪਾਣੀ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਬਾਈਪਾਸ ਸਰਜਰੀ ਉਪਰੰਤ ਘਰ ਪਰਤੇ ਪੰਜਾਬ ਸਰਕਾਰ ਦੀ ਮੀਡੀਆ ਮਾਨੀਟਰਿੰਗ ਕਮੇਟੀ (ਐਮ.ਐਮ.ਸੀ.) ਦੇ ਮੈਂਬਰ ਕੰਵਲਜੀਤ ਸਿੰਘ ਢੀਂਡਸਾ ਦਾ ਉਹਨਾਂ ਦੇ ਗ੍ਰਹਿ ਵਿਖੇ ਹਾਲ-ਚਾਲ ਪੁੱਛਣ ਮੌਕੇ ਕੀਤਾ। ਉਹਨਾਂ ਨੇ ਸ. ਢੀਂਡਸਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਵੱਲੋਂ ਤਹਿਸੀਲ ਕੰਪਲੈਕਸ ਸਮੇਤ ਹਲਕੇ ਦੇ ਵੱਖੋ-ਵੱਖ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਪਿੰਡਾਂ ਦੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਪਾਣੀ ਦੀ ਨਿਕਾਸੀ ਅਤੇ ਪਿੰਡਾਂ ਦੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਸੋ ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰ ਕੇ ਲੋਕ ਅਰਪਿਤ ਕਰ ਦਿੱਤਾ ਜਾਵੇਗਾ।